ਰੇਲਾਂ ‘ਚ ਚਾਹ ਦੀਆਂ ਕੇਤਲੀਆਂ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ

0
56

The tea flask bearing an advertisement with Golden Temple's picture being supplied in trains by the Indian Railways in Amritsar on Thursday.photo The Tribune
ਅੰਮ੍ਰਿਤਸਰ/ਬਿਊਰੋ ਨਿਊਜ਼ :
ਭਾਰਤੀ ਰੇਲਾਂ ਵਿਚ ਚਾਹ ਵਾਲੀਆਂ ਕੇਤਲੀਆਂ ‘ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਾਲੇ ਲੇਬਲ ਸਾਹਮਣੇ ਆਉਣ ‘ਤੇ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਗੌਰਤਲਬ ਹੈ ਕਿ ਪਹਿਲਾਂ ਰੇਲਵੇ ਵੱਲੋਂ ਰੇਲ ਗੱਡੀਆਂ ‘ਚ ਯਾਤਰੂਆਂ ਨੂੰ ਦਿੱਤੇ ਜਾਂਦੇ ਪਾਣੀ ਦੀਆਂ ਬੋਤਲਾਂ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਾ ਮਾਮਲਾ ਸਾਹਮਣੇ ਆਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਅਤੇ ਬੀਐਸਐਨਐਲ. ਨਾਲ ਰਾਬਤਾ ਕਾਇਮ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਲੇਬਲ ਤੁਰਤ ਹਟਾਉਣ ਲਈ ਕਿਹਾ ਹੈ। ਇਸ ਸਬੰਧੀ ਦੋਵਾਂ ਵਿਭਾਗਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀਆਂ ਵੀ ਲਿਖੀਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਹਿਲਾਂ ਸ਼ਤਾਬਦੀ ਐਕਸਪ੍ਰੈੱਸ ਵਿਚ ਪਾਣੀ ਦੀਆਂ ਬੋਤਲਾਂ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਲੇਬਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਤੇ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਤੋਂ ਬਾਅਦ ਰੇਲਵੇ ਦੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਵਲੋਂ ਜਵਾਬੀ ਪੱਤਰ ਰਾਹੀਂ ਇਸ ਨੂੰ ਅਣਜਾਣੇ ‘ਚ ਹੋਈ ਭੁੱਲ ਦੱਸ ਕੇ ਤਸਵੀਰ ਵਾਲੇ ਲੇਬਲ ਵਾਪਸ ਲੈਣ ਦਾ ਦਾਅਵਾ ਕੀਤਾ ਗਿਆ ਸੀ। ਹੁਣ ਇਕ ਵਾਰ ਫਿਰ ਇਹ ਲੇਬਲ ਚਾਹ ਵਾਲੀਆਂ ਕੇਤਲੀਆਂ ‘ਤੇ ਪਾਏ ਜਾਣ ਨਾਲ ਸਿੱਖਾਂ ਵਿਚ ਭਾਰੀ ਰੋਸ ਫੈਲਿਆ ਹੈ।
ੳੁਨ੍ਹਾਂ ਕਿਹਾ ਕਿ ਰੇਲ ਸਫ਼ਰ ਵਾਲੇ ਕੁਝ ਲੋਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਾਲੇ ਲੇਬਲਾਂ ਸਮੇਤ ਚਾਹ ਕੇਤਲੀਆਂ ਦੀਆਂ ਤਸਵੀਰਾਂ ਸ਼੍ਰੋਮਣੀ ਕਮੇਟੀ ਕੋਲ ਭੇਜੀਆਂ ਗਈਆਂ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਪਾਰਕ ਮਸ਼ਹੂਰੀ ‘ਤੇ ਛਾਪਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।