ਗਿਆਨੀ ਗੁਰਮੁਖ ਸਿੰਘ ਦੇ ਬਦਲ ਦੀ ਅੰਦਰਖਾਤੇ ਭਾਲ ਸ਼ੁਰੂ

0
343

giani_gurmukh_singh
ਸ਼੍ਰੋਮਣੀ ਕਮੇਟੀ ਨੇ ਬਣਾਈ ਦੂਰੀ
ਬਠਿੰਡਾ/ਬਿਊਰੋ ਨਿਊਜ਼ :
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਬਦਲ ਦੀ ਤਲਾਸ਼ ਅੰਦਰਖਾਤੇ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਹੁਣ ਜਥੇਦਾਰ ਗੁਰਮੁਖ ਸਿੰਘ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਗੁਰਮੁਖ ਸਿੰਘ ਅੱਜ ਵਿਸਾਖੀ ਮੇਲੇ ਤੇ ਮਹੱਲਾ ਸਮਾਪਤੀ ਮਗਰੋਂ ਹੀ ਦਮਦਮਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਚਲੇ ਗਏ, ਜਦਕਿ ਉਹ ਵਿਸਾਖੀ ਮੇਲੇ ਤੋਂ ਐਨ ਪਹਿਲਾਂ 10 ਅਪ੍ਰੈਲ ਨੂੰ ਹੀ ਦਮਦਮਾ ਸਾਹਿਬ ਪੁੱਜੇ ਸਨ। ਵਿਸਾਖੀ ਮੇਲੇ ਦੌਰਾਨ ਵੀ ਉਨ੍ਹਾਂ ਜ਼ਿਆਦਾ ਸਮਾਂ ਆਪਣੀ ਰਿਹਾਇਸ਼ ‘ਤੇ ਹੀ ਬਿਤਾਇਆ। ਜਥੇਦਾਰ ਨੇ ਨਵੇਂ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਤਾਂ ਕਰਾਈ ਪਰ ਸਮਾਪਤੀ ਸਮਾਰੋਹਾਂ ਵਿਚੋਂ ਗਾਇਬ ਰਹੇ। ਨਵੇਂ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮਾਂ ਦੇ ਸਮਾਪਤੀ ਸਮਾਰੋਹਾਂ ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਪਈ। ਧਾਰਮਿਕ ਸ਼ਖਸੀਅਤਾਂ ਨੂੰ ਸਿਰੋਪੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਵਣਾਂਵਾਲੀ ਨੇ ਭੇਟ ਕੀਤੇ। ਮੈਂਬਰ ਅਵਤਾਰ ਵਣਾਂਵਾਲੀ ਨੇ ਕਿਹਾ ਕਿ ਧਾਰਮਿਕ ਸਮਾਗਮ ਜਥੇਦਾਰ ਸਾਹਿਬ ਨੇ ਆਰੰਭ ਕਰਾਏ ਸਨ ਅਤੇ ਜਥੇਦਾਰ ਮਹੱਲਾ ਸਮਾਗਮਾਂ ਵਿੱਚ ਵੀ ਹਾਜ਼ਰ ਹੋਏ ਹਨ। ਉਨ੍ਹਾਂ ਆਖਿਆ ਕਿ ਧਾਰਮਿਕ ਸਮਾਗਮਾਂ ਦੇ ਸਮਾਪਤੀ ਸਮਾਰੋਹਾਂ ਵਿਚ ਜਥੇਦਾਰ ਦੀ ਥਾਂ ਡਿਊਟੀ ਹੈੱਡ ਗਰੰਥੀ ਨੇ ਨਿਭਾਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਿਸਾਖੀ ਮੇਲੇ ‘ਤੇ ਆਏ ਸਨ ਪਰ ਉਹ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਬਿਨਾਂ ਮਿਲੇ ਹੀ ਪਰਤ ਗਏ। ਵਿਸਾਖੀ ਸਮਾਗਮਾਂ ਮੌਕੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਆਖ ਦਿੱਤਾ ਹੈ ਕਿ ਉਹ ਪੰਥ ਦਾ ਜਥੇਦਾਰ ਹੈ ਨਾ ਕਿ ਕਿਸੇ ਇੱਕ ਪਰਿਵਾਰ ਦਾ। ਸੂਤਰ ਦੱਸਦੇ ਹਨ ਕਿ ਇਸ ਟਿੱਪਣੀ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੋਰ ਖਫ਼ਾ ਹੋ ਗਈ ਹੈ। ਇੱਕ ਦੋ ਸੀਨੀਅਰ ਆਗੂਆਂ ਨੇ ਜਥੇਦਾਰ ਦੇ ਬਦਲ ਦੀ ਤਲਾਸ਼ ਵਾਸਤੇ ਵੀ ਅੰਦਰ ਖਾਤੇ ਆਖ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਲਈ ਸਭ ਜਥੇਦਾਰ ਸਤਿਕਾਰਤ ਹਨ ਅਤੇ ਉਹ ਸਿੰਘ ਸਾਹਿਬਾਨ ‘ਤੇ ਕੋਈ ਟਿੱਪਣੀ ਨਹੀਂ ਕਰਨਗੇ। ਦੂਜੇ ਤਰਫ਼ ਗਿਆਨੀ ਗੁਰਮੁਖ ਸਿੰਘ ਨਾਲ ਇਸ ਮੁੱਦੇ ‘ਤੇ ਗੱਲ ਕਰਨ ਲਈ ਜਦੋਂ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।