ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਨੇ ਸਿੱਖ ਕੌਮ ਦੇ ਨਾਂਅ ਦਿੱਤਾ ਸੰਦੇਸ਼

0
1009

giani-gurbachan-singh-te-giani-iqbal-singh
ਪਟਨਾ ਸਾਹਿਬ/ਬਿਊਰੋ ਨਿਊਜ਼ :
ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਨੋ-ਸ਼ੌਕਤ ਨਾਲ ਮਨਾਏ ਜਾ ਰਹੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਆਈਆਂ ਲੱਖਾਂ ਸੰਗਤਾਂ ਵੱਲੋਂ ਜਿਥੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮੱਥਾ ਟੇਕਿਆ ਗਿਆ, ਉਥੇ ਹੀ ਸਿੱਖ ਕੌਮ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸੱਜੇ ਪਾਸੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੀ ਆਰੰਭਤਾ ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਆਸਾ ਦੀ ਵਾਰ ਦੇ ਰਸਭਿੰਨੇ ਕੀਰਤਨ ਨਾਲ ਹੋਈ, ਉਪਰੰਤ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਜਦ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹੁਕਮਨਾਮਾ ਲਿਆ ਗਿਆ। ਇਸ ਦੌਰਾਨ ਭਾਈ ਲਖਵਿੰਦਰ ਸਿੰਘ, ਭਾਈ ਸਤਨਾਮ ਸਿੰਘ ਕੁਹਾੜਕਾ, ਭਾਈ ਰਵਿੰਦਰ ਸਿੰਘ (ਸਾਰੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ), ਭਾਈ ਗੁਰਇਕਬਾਲ ਸਿੰਘ ਦੇ ਜਥਿਆਂ ਨੇ ਰਸਮਈ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਇਸ ਦੌਰਾਨ ਪ੍ਰਸਿੱਧ ਕਥਾਵਾਚਕ ਭਾਈ ਰਣਜੀਤ ਸਿੰਘ ਗੋਹਰ-ਏ-ਮਸਕੀਨ ਲੁਧਿਆਣਾ, ਬਾਬਾ ਸਤਨਾਮ ਸਿੰਘ ਰਾਜਾ ਜੋਗੀ ਮੁਖੀ ਨੀਲਧਾਰੀ ਸੰਪਰਦਾ, ਭਾਈ ਪਿੰਦਰਪਾਲ ਸਿੰਘ, ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ ਗਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਊਚ-ਨੀਚ ਦਾ ਭੇਦ-ਭਾਵ ਮਿਟਾ ਕੇ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਅਤੇ ਆਪ ਵੀ ਪੰਜ ਪਿਆਰਿਆਂ ਪਾਸੋਂ ਅੰਮਿਝਤ ਛਕਿਆ। ਅੱਜ ਲੋੜ ਹੈ ਅੰਮ੍ਰਿਤਧਾਰੀ ਹੋ ਕੇ ਸਿੰਘ ਸਜਣ ਦੀ ਤਾਂ ਜੋ ਗੁਰੂ ਸਾਹਿਬ ਦੇ ਦਰਸਾਏ ਮਾਰਗ ਦੇ ਪਾਂਧੀ ਬਣ ਸਕੀਏ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ, ਪੰਜਾਬ ਸਰਕਾਰ ਤੋਂ ਇਲਾਵਾ ਸਮੂਹ ਜਥੇਬੰਦੀਆਂ, ਸੰਪਰਦਾਵਾਂ, ਸੰਤਾਂ, ਮਹਾਂਪੁਰਖਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਸ਼ਤਾਬਦੀ ਸਮਾਗਮ ਪੂਰੀ ਸ਼ਾਨੋ-ਸ਼ੌਕਤ ਅਤੇ ਜਾਹੋ-ਜਲਾਲ ਨਾਲ ਮਨਾਈ। ਇਸ ਦੌਰਾਨ ਉਨ੍ਹਾਂ ਨਸ਼ਿਆਂ ਦਾ ਤਿਆਗ, ਧੀਆਂ ਦਾ ਸਤਿਕਾਰ ਅਤੇ ‘ਸਵੱਛਤਾ’ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਦੇ ਮੀਤ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਵੀ ਹਾਜ਼ਰ ਸਨ।