ਰਾਸ਼ਟਰੀ ਸਿੱਖ ਸੰਗਤ ਵਲੋਂ ਗੱਲਬਾਤ ਲਈ ਕੀਤੀ ਪੇਸ਼ਕਸ਼ ਦਾ ਜਥੇਦਾਰ ਵੱਲੋਂ ਹਾਂ-ਪੱਖੀ ਹੁੰਗਾਰਾ

0
550

giani-gurbachan-singh
ਅੰਮ੍ਰਿਤਸਰ/ਬਿਊਰੋ ਨਿਊਜ਼ :
ਆਰਐਸਐਸ ਨਾਲ ਸਬੰਧਤ ਰਾਸ਼ਟਰੀ ਸਿੱਖ ਸੰਗਤ ਵੱਲੋਂ ਸਿੱਖ ਕੌਮ ਨਾਲ ਮੱਤਭੇਦ ਦੂਰ ਕਰਨ ਲਈ ਗੱਲਬਾਤ ਦੀ ਕੀਤੀ ਪੇਸ਼ਕਸ਼ ਦਾ ਹਾਂ-ਪੱਖੀ ਹੁੰਗਾਰਾ ਭਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਬਾਰੇ ਸਿੱਖ ਵਿਦਵਾਨਾਂ ਵੱਲੋਂ ਕੁਝ ਸਵਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦਾ ਤਸੱਲੀਬਖਸ਼ ਜਵਾਬ ਮਿਲਣ ‘ਤੇ ਗੱਲਬਾਤ ਦੀ ਪ੍ਰਕਿਰਿਆ ਅੱਗੇ ਤੋਰੀ ਜਾ ਸਕਦਾ ਹੈ। ਸੂਬੇ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲਾ ਦਰਜਾ ਦਿਵਾਉਣ ਲਈ ਪੰਜਾਬੀ ਹਿਤੈਸ਼ੀ ਵੱਲੋਂ ਚਲਾਈ ਮੁਹਿੰਮ ਦਾ ਸਮਰਥਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਹ ਸੂਬਾ ਸਰਕਾਰ ਦੀ ਨਾਕਾਮੀ ਹੈ ਕਿ ਪੰਜਾਬ ਵਿਚ ਹੀ ਪੰਜਾਬੀ ਨੂੰ ਤੀਜੇ ਸਥਾਨ ‘ਤੇ ਰੱਖਿਆ ਗਿਆ ਹੈ, ਜੋ ਅਨਿਆਂ ਹੈ। ਲੁਧਿਆਣਾ ‘ਚ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਵੇਗਾ। ਪੰਜਾਬ ਸਰਕਾਰ ਇਸ ਫੈਸਲੇ ‘ਤੇ ਮੁੜ ਗ਼ੌਰ ਕਰੇ।
ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਆਧਾਰ ‘ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਕੁਝ ਸਵਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚ ਆਰਐਸਐਸ ਵੱਲੋਂ ਕੱਢੇ ਗਏ ਨਗਰ ਕੀਰਤਨ, ਸਿੱਖ ਸਿਧਾਂਤਾਂ, ਸਿੱਖ ਧਰਮ, ਸਿੱਖਾਂ ਦੇ ਵੱਖਰੀ ਕੌਮ ਹੋਣ ਬਾਰੇ ਸਵਾਲ ਸ਼ਾਮਲ ਹਨ। ਜੇਕਰ ਆਰਐਸਐਸ ਆਗੂ ਇਥੇ ਆ ਕੇ ਇਨ੍ਹਾਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੰਦੇ ਹਨ ਤਾਂ ਗੱਲਬਾਤ ਅੱਗੇ ਤੋਰੀ ਜਾ ਸਕਦੀ ਹੈ। ਪਰ ਸੰਘ ਵੱਲੋਂ ਅਜੇ ਤਕ ਇਥੇ ਕੋਈ ਨਹੀਂ ਬਹੁੜਿਆ ਹੈ ਅਤੇ ਨਾ ਹੀ ਗੱਲਬਾਤ ਲਈ ਸਿੱਧੇ ਤੌਰ ‘ਤੇ ਪੇਸ਼ਕਸ਼ ਆਈ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਾਇਆ ਗਿਆ, ਜਿਸ ਦਾ ਸਿੱਖ ਕੌਮ ਨੇ ਬਾਈਕਾਟ ਕੀਤਾ ਸੀ। ਇਸ ਮਗਰੋਂ ਆਰਐਸਐਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਹੈ।
ਆਰਐਸਐਸ ਦੇ ਸਮਾਗਮ ਵਿਚ ਸ਼ਾਮਲ ਹੋਏ ਸਿੱਖ ਆਗੂਆਂ ਖ਼ਿਲਾਫ਼ ਕਾਰਵਾਈ ਬਾਰੇ ਜਥੇਦਾਰ ਨੇ ਕਿਹਾ ਕਿ ਇਸ ਬਾਰੇ ਕੁਝ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਪੁੱਜੀਆਂ ਹਨ, ਜਿਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਮਾਤਾ ਸਾਹਿਬ ਕੌਰ ਦਾ ਜਨਮ ਦਿਹਾੜਾ ਤਿੰਨ ਨਵੰਬਰ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀ ਅਪੀਲ ਕੀਤੀ ਹੈ।
’84 ਕਤਲੇਆਮ ਵਿਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ
ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਨਵੰਬਰ 1984 ਸਿੱਖ ਕਤਲੇਆਮ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਇਕ ਨਵੰਬਰ ਨੂੰ ਸ਼ਾਮ ਛੇ ਵਜੇ ਇਕ ਮਿੰਟ ਲਈ ਨਾਮ ਸਿਮਰਨ ਕਰਕੇ ਸ਼ਰਧਾਂਜਲੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦਿਨ ਕੈਨੇਡਾ ਵਿੱਚ ਸਿੱਖਾਂ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ। ਹੁਣ ਤਕ 1.20 ਲੱਖ ਲੋਕਾਂ ਵੱਲੋਂ ਖੂਨਦਾਨ ਕੀਤਾ ਜਾ ਚੁੱਕਾ ਹੈ।