ਲੰਬਾਈ-ਚੌੜਾਈ ਘਟਾ ਕੇ ਮੁੜ ਲਹਿਰਾਇਆ ਭਾਰਤੀ ਸਰਹੱਦ ‘ਤੇ ਤਿਰੰਗਾ

0
285

flag
ਕੈਪਸ਼ਨ-ਅਟਾਰੀ ਸਰਹੱਦ ‘ਤੇ ਮੁੜ ਝੁਲਾਇਆ ਗਿਆ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ।  
ਅਟਾਰੀ/ਬਿਊਰੋ ਨਿਊਜ਼ :
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਨੇੜੇ ਪੰਜਾਬ ਸੈਰ ਸਪਾਟਾ ਵਿਭਾਗ ਦੇ ਸ਼ੌਪਿੰਗ ਕਮ ਰੈਸਟੋਰੈਂਟ ਕੰਪਲੈਕਸ ਵਿੱਚ ਲੰਬਾਈ ਤੇ ਚੌੜਾਈ ਘਟਾ ਕੇ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ ਮੁੜ ਲਹਿਰਾਇਆ ਗਿਆ ਹੈ। ਡਿਪਟੀ ਕਮਿਸ਼ਨਰ (ਅੰਮ੍ਰਿਤਸਰ) ਕਮਲਜੀਤ ਸਿੰਘ ਸੰਘਾ ਨੇ ਇਸ ਦਾ ਜਾਇਜ਼ਾ ਲਿਆ।
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸੁਪਰਡੈਂਟ ਇੰਜਨੀਅਰ ਰਾਜੀਵ ਸੇਖੜੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਰਦੇਸ਼ਾਂ ‘ਤੇ ਤਿਰੰਗਾ ਮੁੜ ਲਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿਰੰਗਾ ਦੇਸ਼ ਭਗਤਾਂ ਦੀ ਯਾਦ ਹੈ ਤੇ ਇਹ 15 ਅਗਸਤ ਦੇ ਨਾਲ-ਨਾਲ ਸਾਰੇ ‘ਇਤਿਹਾਸਕ ਤਿਉਹਾਰਾਂ’ ਮੌਕੇ ਲਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 350 ਫੁੱਟ ਉਚਾਈ ਵਾਲੇ ਤਿਰੰਗੇ ਝੰਡੇ (ਲੰਬਾਈ 120 ਫੁੱਟ ਅਤੇ ਚੌੜਾਈ 80 ਫੁੱਟ) ਦਾ ਰਸਮੀ ਉਦਘਾਟਨ ਮਾਰਚ ਮਹੀਨੇ ਕੀਤਾ ਗਿਆ ਸੀ ਪਰ ਤਕਨੀਕੀ ਕਾਰਨਾਂ ਕਰ ਕੇ ਇਸ ਨੂੰ ਉਤਾਰਨਾ ਪਿਆ। ਹੁਣ ਝੰਡੇ ਦੀ ਲੰਬਾਈ ਘਟਾ ਕੇ 90 ਫੁੱਟ ਅਤੇ ਚੌੜਾਈ 60 ਫੁੱਟ ਕੀਤੀ ਗਈ ਹੈ ਅਤੇ ਪੈਰਾਸ਼ੂਟ ਦਾ ਕੱਪੜਾ ਲਾਇਆ ਗਿਆ ਹੈ। ਕਾਬਲੇਗ਼ੌਰ ਹੈ ਕਿ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਮਾਰਚ ਮਹੀਨੇ ‘ਅਧੂਰੇ ਪ੍ਰਬੰਧਾਂ’ ਹੇਠ ਹੀ ਤਿਰੰਗੇ ਝੰਡੇ ਦਾ ਰਸਮੀ ਉਦਘਾਟਨ ਕਰ ਦਿੱਤਾ ਸੀ। ਅਟਾਰੀ ਸਰਹੱਦ ‘ਤੇ ਹੁਸ਼ਿਆਰਪੁਰ ਦੀ ਭਾਰਤ ਇਲੈਕਟ੍ਰਿਕ ਕੰਪਨੀ ਵੱਲੋਂ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਇਹ ਝੰਡਾ ਸਥਾਪਤ ਕੀਤਾ ਗਿਆ ਸੀ, ਜਿਸ ਦਾ ਖਰਚਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ ਚੁੱਕਿਆ ਸੀ।