ਪੰਜਾਬ ‘ਚ ਝੱਖੜ ਤੇ ਗੜੇਮਾਰੀ ਨਾਲ 30 ਹਜ਼ਾਰ ਏਕੜ ਫ਼ਸਲ ਬਰਬਾਦ

0
157

The wheat crop fell down in isolated areas  high velocity winds last night in Amritsar on Thursday.photo Vishal kumar.

ਖੇਤੀ ਵਿਭਾਗ ਨੇ ਨੁਕਸਾਨ ਬਾਰੇ ਮੁੱਢਲੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿੱਚ ਪੰਜ ਤੇ ਛੇ ਅਪ੍ਰੈਲ ਨੂੰ ਪਏ ਮੀਂਹ ਤੇ ਗੜ੍ਹਿਆਂ ਕਾਰਨ ਤੀਹ ਹਜ਼ਾਰ ਏਕੜ ਤੋਂ ਵੱਧ ਫ਼ਸਲ ਨੁਕਸਾਨੀ ਗਈ ਹੈ। ਹਨੇਰੀ ਨਾਲ ਪੱਕੀ ਕਣਕ ਡਿੱਗ ਪਈ ਹੈ। ਸਭ ਤੋਂ ਵੱਧ ਨੁਕਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਵਿਚ ਹੋਇਆ ਹੈ, ਜਿਸ ਵਿੱਚ ਅਠਾਰਾਂ ਹਜ਼ਾਰ ਏਕੜ ਫ਼ਸਲ ਦਾ 25 ਤੋਂ 75 ਫ਼ੀਸਦ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ। ਖੇਤੀਬਾੜੀ ਵਿਭਾਗ ਨੇ ਮੁਢਲੀ ਅਨੁਮਾਨ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਮੁੱਖ ਮੰਤਰੀ ਨੇ ਫ਼ਸਲ ਦੇ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ।
ਮੁੱਖ ਮੰਤਰੀ ਨੇ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਗਿਰਦਾਵਰੀ ਦੀ ਰਿਪੋਰਟ ਜਲਦ ਦੇਣ ਲਈ ਕਿਹਾ ਹੈ। ਸਰਕਾਰ ਵੱਲੋਂ ਗਿਰਦਾਵਰੀ ਰਿਪੋਰਟ ਨੂੰ ਆਧਾਰ ਬਣਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਆਪਣੇ ਹੁਕਮਾਂ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਰਿਪੋਰਟ ਜ਼ਿਲ੍ਹਾ ਖੇਤੀਬਾੜੀ ਅਫਸਰਾਂ ਵੱਲੋਂ ਮੌਕੇ ‘ਤੇ ਜਾ ਕੇ ਲਏ ਜਾਇਜ਼ੇ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਹੈ। ਮੁਢਲੇ ਅਨੁਮਾਨ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਮੀਂਹ ਤੇ ਗੜਿਆਂ ਨਾਲ ਅਠਾਰਾਂ ਹਜ਼ਾਰ ਏਕੜ ਫ਼ਸਲ ਦਾ 25 ਤੋਂ 75 ਫ਼ੀਸਦ ਨੁਕਸਾਨ ਹੋਇਆ ਹੈ। ਸੰਗਰੂਰ ਵਿੱਚ ਢਾਈ ਹਜ਼ਾਰ ਏਕੜ ਫਸਲ ਨੂੰ ਨੁਕਸਾਨ ਪੁੱਜਾ ਹੈ। ਸੰਗਰੂਰ ਵਿੱਚ ਨੁਕਸਾਨ 15 ਤੋਂ 25 ਫ਼ੀਸਦ ਦੱਸਿਆ ਗਿਆ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜ਼ਿਲ੍ਹੇ ਮੁਕਤਸਰ ਵਿੱਚ ਸਾਢੇ ਅੱਠ ਸੌ ਏਕੜ ਫਸਲ ਨੂੰ 15 ਤੋਂ 20 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੋ ਹਜ਼ਾਰ ਏਕੜ ਕਣਕ 10 ਤੋਂ 15 ਫ਼ੀਸਦ ਤੱਕ ਨੁਕਸਾਨੀ ਗਈ ਹੈ। ਕਈ ਨੀਵੇਂ ਥਾਵਾਂ ‘ਤੇ ਪਾਣੀ ਖੜ੍ਹ ਗਿਆ ਹੈ। ਫਾਜ਼ਲਿਕਾ ਵਿੱਚ ਸਾਢੇ ਚਾਰ ਸੌ ਏਕੜ ਵਿੱਚ ਗੜੇਮਾਰੀ ਹੋਈ ਹੈ ਅਤੇ ਕਣਕ ਦੀ ਫਸਲ ਨੂੰ 10 ਤੋਂ 20 ਫ਼ੀਸਦ ਤਕ ਨੁਕਸਾਨ ਪੁੱਜਾ ਹੈ।
ਲੁਧਿਆਣਾ, ਫ਼ਰੀਦਕੋਟ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਵਿੱਚ ਵੀ ਗੜਿਆਂ ਤੇ ਹਨੇਰੀ ਨਾਲ ਫ਼ਸਲ ਵਿਛ ਗਈ ਹੈ ਪਰ ਇਸ ਨੂੰ ਹਾਲ ਦੀ ਘੜੀ ਨੁਕਸਾਨ ਵਾਲੇ ਏਰੀਏ ਵਿੱਚ ਨਹੀਂ ਜੋੜਿਆ ਗਿਆ। ਵਿਭਾਗ ਨੇ ਫਸਲ ਦੇ ਮੁੜ ਖੜ੍ਹੀ ਹੋਣ ਦੀ ਸੰਭਾਵਨਾ ਦੱਸੀ ਹੈ। ਸਰ੍ਹੋਂ ਦੀ ਫ਼ਸਲ ਤਾਂ 70 ਫ਼ੀਸਦ ਤੋਂ ਵੱਧ ਖ਼ਰਾਬ ਹੋ ਗਈ ਹੈ ਤੇ ਕੱਟੀ ਹੋਈ ਫ਼ਸਲ ਦੇ ਦਾਣੇ ਕਿਰ ਗਏ ਹਨ। ਪੰਜਾਬ ਵਿੱਚ ਦੋ ਦਿਨਾਂ ਦੌਰਾਨ ਔਸਤਨ 6.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਸਭ ਤੋਂ ਵੱਧ ਮੀਂਹ ਫ਼ਰੀਦਕੋਟ ਵਿੱਚ 22.8 ਐਮਐਮ ਪਿਆ ਹੈ। ਉਸ ਤੋਂ ਘੱਟ ਪਟਿਆਲਾ ਵਿੱਚ 21.2 ਐਮਐਮ ਮੀਂਹ ਪਿਆ ਹੈ। ਪਠਾਨਕੋਟ ਵਿੱਚ 17 ਐਮਐਮ ਬਾਰਸ਼ ਹੋਈ ਹੈ। ਅੰਮ੍ਰਿਤਸਰ ਵਿੱਚ 9.2 ਐਮਐਮ, ਬਲਾਚੌਰ ਵਿੱਚ 15.3 ਐਮਐਮ, ਗੁਰਦਾਸਪੁਰ ਵਿੱਚ 3.9, ਬਠਿੰਡਾ ‘ਚ 1.5 ਐਮਐਮ, ਹਲਵਾਰਾ ‘ਚ 0.4 ਐਮਐਮ ਤੇ ਲੁਧਿਆਣਾ ਵਿਚ 6.8 ਐਮਐਮ ਮੀਂਹ ਪਿਆ ਹੈ। ਹਰਿਆਣਾ ਵਿੱਚ ਕਰਨਾਲ ਵਿਚ ਸਭ ਤੋਂ ਜ਼ਿਆਦਾ 20.2 ਐਮਐਮ ਬਾਰਸ਼ ਹੋਈ ਹੈ। ਅੰਬਾਲਾ ਵਿੱਚ 8.2 ਐਮਐਮ ਮੀਂਹ ਪਿਆ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 5.8 ਐਮਐਮ ਤੇ ਇਸ ਦੇ ਬਾਹਰਵਾਰ 6.3 ਐਮਐਮ ਬਾਰਸ਼ ਰਿਕਾਰਡ ਕੀਤੀ ਗਈ ਹੈ।
ਮੀਂਹ ਕਾਰਨ ਕਣਕ ਦੀ ਕਟਾਈ ਹਾਲ ਦੀ ਘੜੀ ਰੁਕ ਗਈ ਹੈ। ਵਿਛੀ ਫਸਲ ਨੂੰ ਕੰਬਾਈਨਾਂ ਦੀ ਥਾਂ ਹੁਣ ਹੱਥੀਂ ਵੱਢਣਾ ਪੈ ਸਕਦਾ ਹੈ, ਜੋ ਕਿਸਾਨਾਂ ਲਈ ਨਵੀਂ ਮੁਸੀਬਤ ਹੈ ਕਿਉਂਕਿ ਪਰਵਾਸੀ ਮਜ਼ਦੂਰਾਂ ਦੀ ਆਮਦ ਪਹਿਲਾਂ ਨਾਲੋਂ ਘੱਟ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਬਲਵਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਨੀਵੇਂ ਥਾਂ ਕਣਕ ਵਿੱਚ ਖੜ੍ਹੇ ਪਾਣੀ ਦੇ ਤੁਰੰਤ ਨਿਕਾਸ ਦਾ ਬੰਦੋਬਸਤ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਮੁਢਲੇ ਅੰਦਾਜ਼ੇ ਮੁਤਾਬਕ ਦਸ ਹਜ਼ਾਰ ਹੈਕਟੇਅਰ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਉਂਜ ਹਾੜ੍ਹੀ ਦੀ ਫਸਲ ਦੀ ਕੁਆਲਟੀ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਅਗਲੇ ਦਿਨੀਂ ਮੌਸਮ ਸਾਫ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਬਾਦਲ ਨੇ ਮੰਗਿਆ ਕਿਸਾਨਾਂ ਲਈ ਮੁਆਵਜ਼ਾ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਗੜਿਆਂ ਅਤੇ ਬੇਮੌਸਮੇ ਮੀਂਹ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦੇ ਫੌਰੀ ਹੁਕਮ ਦੇਣ ‘ਤੇ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਕਿਸਾਨਾਂ ਨੂੰ ਫੌਰੀ ਮੁਆਵਜ਼ਾ ਦੇਣ ਦੀ ਮੰਗ ਦੁਹਰਾਈ ਹੈ।
ਫੂਲਕਾ ਨੇ ਵੀ ਮੰਗਿਆ ਮੁਆਵਜ਼ਾ :
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਗੜ੍ਹਿਆਂ ਤੇ ਮੀਂਹ ਨਾਲ ਤਬਾਹ ਹੋਈਆਂ ਫ਼ਸਲਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਨੀਤੀ ਦਿੱਲੀ ਦੀ ਕੇਜਰੀਵਾਲ ਸਰਕਾਰ ਵਰਗੀ ਹੋਣੀ ਚਾਹੀਦੀ ਹੈ।