ਤੇਜ਼ ਹਨੇਰੀ, ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਵਿਛੀ

0
280

faslaan-vichian
ਕਿਸਾਨਾਂ ਦੀ ਚਿੰਤਾ ਵਧੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀਆਂ ਬਹੁਤੀਆਂ ਥਾਵਾਂ ‘ਤੇ ਤੇਜ਼ ਮੀਂਹ ਪੈਣ ਦੀਆਂ ਖਬਰਾਂ ਹਨ। ਕਈ ਥਾਵਾਂ ‘ਤੇ ਗੜੇ ਪੈਣ ਦੀਆਂ ਵੀ ਖਬਰਾਂ ਹਨ। ਮੀਂਹ ਪੈਣ ਨਾਲ ਤਾਪਮਾਨ ‘ਚ ਭਾਵੇਂ ਗਿਰਾਵਟ ਆਈ ਪਰ ਘੱਟੋ ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ। ਮੀਂਹ ਪੈਣ ਅਤੇ ਹਵਾ ਚੱਲਣ ਕਾਰਨ ਕੁਝ ਥਾਵਾਂ ‘ਤੇ ਕਣਕ ਦੀ ਫਸਲ ਧਰਤੀ ‘ਤੇ ਵਿਛ ਗਈ। ਜਿਸ ਕਾਰਨ ਕਿਸਾਨਾਂ ਨੂੰ ਫਸਲ ਦਾ ਝਾੜ ਘਟਣ ਦਾ ਖਦਸ਼ਾ ਸਤਾ ਰਿਹਾ ਹੈ। ਆਸਮਾਨ ਉਪਰ ਛਾਏ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਸਨ। ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਜਲੰਧਰ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ, ਅਬੋਹਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਬਟਾਲਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨਵਾਂਸ਼ਹਿਰ, ਰੋਪੜ, ਖੰਨਾ, ਜਗਰਾਉਂ ਅਤੇ ਚੰਡੀਗੜ੍ਹ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ। ਪਟਿਆਲਾ ਵਿਚ 5.6 ਐਮ.ਐਮ. ਮੀਂਹ ਅਤੇ ਘੱਟੋ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 2.4 ਐਮ ਐਮ ਮੀਂਹ ਪੈਣ ਦੀਆਂ ਖਬਰਾਂ ਹਨ। ਮੌਸਮ ਵਿਭਾਗ ਅਨੁਸਾਰ ਖੇਤਰ ਵਿਚ ਕੁਝ ਥਾਵਾਂ ‘ਤੇ ਅਗਲੇ 48 ਘੰਟਿਆਂ ਵਿਚ  ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਦੀਆਂ ਦੂਰ ਦੁਰਾਡੀਆਂ ਥਾਵਾਂ ‘ਤੇ ਗਰਜ ਚਮਕ ਦੇ ਨਾਲ ਹਨ੍ਹੇਰੀ ਅਤੇ ਤੇਜ਼ ਹਵਾ ਚੱਲਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੋਵੇਂ ਸੂਬਿਆਂ ਵਿਚ ਅੰਮ੍ਰਿਤਸਰ ਸਭ ਤੋਂ ਠੰਢਾ ਸਥਾਨ ਰਿਹਾ, ਉਥੇ ਦਾ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 14.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਿਹੜਾ ਸਾਧਾਰਨ ਨਾਲੋਂ 2 ਦਰਜੇ ਵੱਧ ਸੀ। ਲੁਧਿਆਣਾ ਦਾ ਘੱਟੋ ਘੱਟ ਤਾਪਮਾਨ 14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਸਾਧਾਰਨ ਨਾਲੋਂ 3 ਦਰਜੇ ਜ਼ਿਆਦਾ ਹੈ।