ਪੰਜਾਬ ਅਤੇ ਭਾਰਤ ਸਰਕਾਰ ਖਿਲਾਫ ਚੰਡੀਗੜ੍ਹ ਵਿਚ ਕਿਸਾਨਾਂ ਦਾ ਵੱਡਾ ਇਕੱਠ

0
282
Farmers from Punjab protesting at rally ground Sector 25 Chandigarh on Tuesday. Tribune photo Pradeep Tewari
ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਦੇ ਹੋਏ ਕਿਸਾਨ

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਸੱਤ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਇੱਥੇ ਇਕੱਠੇ ਹੋ ਕੇ ਵਿਸ਼ਾਲ ਰੈਲੀ ਕੀਤੀ, ਜਿਸ ‘ਚ ਮੁਕੰਮਲ ਕਰਜ਼ਾ ਮੁਆਫ਼ੀ ਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਲਈ ਵੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੀਤੀ ਗਈ ਇਸ ਰੈਲੀ ‘ਚ ਹਿੱਸਾ ਲੈਣ ਲਈ ਆਏ ਕਿਸਾਨ ਮੰਗਲਵਾਰ ਨੂੰ ਇੱਥੇ ਸੈਕਟਰ-25 ‘ਚ ਇਕੱਠੇ ਹੋਏ। ਇਨ੍ਹਾਂ ਜਥੇਬੰਦੀਆਂ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ), ਭਕਿਯੂ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਸ਼ਾਮਲ ਸਨ। ਕਿਸਾਨਾਂ ਨੇ ਪੰਜਾਬ ਤੇ ਭਾਰਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਹ ਰੈਲੀ ਦੋਵਾਂ ਹੀ ਸਰਕਾਰਾਂ ਲਈ ‘ਚਿਤਾਵਨੀ’ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਕਿਉਂਕਿ ਉਹ ਆਪਣਾ ਕਰਜ਼ਾ ਨਹੀਂ ਭਰ ਪਾ ਰਹੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਜੋ ਬੈਂਕਾਂ ਤੇ ਆੜ੍ਹਤੀਆਂ ਤੋਂ ਲਿਆ ਗਿਆ ਕਰਜ਼ਾ ਨਹੀਂ ਭਰ ਸਕਦੇ। ਉਨ੍ਹਾਂ ਕਿਹਾ, ‘ਇਹ ਰੈਲੀ ਪੰਜਾਬ ਤੇ ਕੇਂਦਰ ਸਰਕਾਰਾਂ ਲਈ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਚਿਤਾਵਨੀ ਹੈ।’ ਕੋਕਰੀ ਕਲਾਂ ਨੇ ਸਾਰੀਆਂ ਫਸਲਾਂ ਲਈ ਲਾਭਕਾਰੀ ਮੁੱਲ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦਾ ਸਹੀ ਮੁੱਲ ਮਿਲ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਸਬਜ਼ੀ, ਮੱਕੀ, ਬਾਸਮਤੀ ਆਦਿ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਅਨੁਸਾਰ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਨੂੰ ਪਰਾਲੀ ਦਾ ਨਿਬੇੜਾ ਕਰਨ ਲਈ 200 ਰੁਪਏ ਪ੍ਰਤੀ ਏਕੜ ਦਿੱਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੇ ਕਰਜ਼ੇ ਭਰਨ ‘ਚ ਨਾਕਾਮ ਰਹਿਣ ‘ਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਲਈ 10 ਰੁਪਏ ਮੁਆਵਜ਼ਾ ਤੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ।

ਕਿਸਾਨਾਂ ਅੱਗੇ ਝੁਕੀ ਚੰਡੀਗੜ੍ਹ ਪੁਲੀਸ
ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਮੈਂਬਰ ਚੰਡੀਗੜ੍ਹ ਸਥਿਤ ਸੈਕਟਰ-25 ਦੇ ਰੈਲੀ ਗਰਾਉਂਡ ਵਿੱਚ ਰੋਸ ਮੁਜ਼ਾਹਰੇ ਤੋਂ ਪਹਿਲਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਏ ਅਤੇ ਬਾਅਦ ਵਿੱਚ ਕਿਸਾਨਾਂ ਨੇ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ, ਪਰ ਚੰਡੀਗੜ੍ਹ ਪੁਲੀਸ ਨੇ ਕਿਸਾਨਾਂ ਨੂੰ ਯੂਟੀ ਦੀ ਹੱਦ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਯੂਟੀ ਪੁਲੀਸ ਦਾ ਕਹਿਣਾ ਸੀ ਪੰਜਾਬ ਦੇ ਕਿਸਾਨਾਂ ਕੋਲ ਚੰਡੀਗੜ੍ਹ ਵਿੱਚ ਰੋਸ ਮੁਜ਼ਾਹਰੇ ਲਈ ਲਾਊਡ ਸਪੀਕਰ ਦੀ ਮਨਜ਼ੂਰੀ ਨਹੀਂ ਹੈ। ਕਿਸਾਨ ਜਥੇਬੰਦੀਆਂ ਨੇ ਧਮਕੀ ਦਿੱਤੀ ਜੇਕਰ ਚੰਡੀਗੜ੍ਹ ਪੁਲੀਸ ਨੇ ਰੈਲੀ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਇਨਸਾਫ਼ ਪ੍ਰਾਪਤੀ ਲਈ ਆਰ-ਪਾਰ ਕਰਨ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੇ। ਇਸ ਮਗਰੋਂ ਚੰਡੀਗੜ੍ਹ ਦੇ ਐੱਸਐੱਸਪੀ ਨੇ ਕਿਸਾਨਾਂ ਨੂੰ ਸੈਕਟਰ-25 ਦੇ ਰੈਲੀ ਗਰਾਉਂਡ ਵਿੱਚ ਰੋਸ ਰੈਲੀ ਕਰਨ ਦੀ ਮਨਜ਼ੂਰੀ ਦੇ ਦਿੱਤੀ, ਜਿੱਥੇ ਕਿਸਾਨਾਂ ਨੇ ਹੁਕਮਰਾਨਾਂ ਸਮੇਤ ਯੂਟੀ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ।