ਕਾਂਗਰਸੀ ਆਗੂ ਅਜੀਤ ਮੋਫ਼ਰ ਦੀ ਭਾਣਜੀ ਨੇ ਗੋਲੀ ਮਾਰ ਕੇ ਕੀਤੀ ਪਤੀ ਦੀ ਹੱਤਿਆ, ਗ੍ਰਿਫ਼ਤਾਰ

0
465

ekam-ls-seerat-dhillon
ਲਾਸ਼ ਸੂਟਕੇਸ ਵਿੱਚ ਪਾ ਕੇ ਖੁਰਦ-ਬੁਰਦ ਕਰਨ ਸਮੇਂ ਖੁੱਲ੍ਹਿਆ ਭੇਤ
ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੀ ਭਾਣਜੀ ਸੀਰਤ  ਢਿੱਲੋਂ ਨੇ ਇੱਥੇ ਕਥਿਤ ਤੌਰ ‘ਤੇ ਆਪਣੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੋਫਰ ਦੀ ਭਾਣਜੀ ਸਣੇ ਤਿੰਨ ਔਰਤਾਂ ਫੇਜ਼-3ਬੀ1 ਵਿੱਚ ਬੀਐਮਡਬਲਿਊ ਕਾਰ ਦੀ ਡਿੱਗੀ ਵਿੱਚ ਲਾਸ਼ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਈਆਂ। ਇਸ ਮਗਰੋਂ ਪੁਲੀਸ ਨੇ ਸੀਰਤ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਪਛਾਣ ਏਕਮ ਸਿੰਘ ਢਿੱਲੋਂ (38) ਪੁੱਤਰ ਜਸਪਾਲ ਸਿੰਘ ਢਿੱਲੋਂ (ਮਨੁੱਖੀ ਅਧਿਕਾਰ ਕਾਰਕੁਨ) ਵਾਸੀ ਫੇਜ਼-6 ਵਜੋਂ ਹੋਈ ਹੈ। ਪੁਲੀਸ ਨੇ ਪਿਸਤੌਲ ਅਤੇ ਲਾਸ਼ ਬਰਾਮਦ ਕਰ ਲਈ ਹੈ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਣਕਾਰੀ ਅਨੁਸਾਰ ਏਕਮ ਆਪਣੀ ਪਤਨੀ ਸੀਰਤ ਢਿੱਲੋਂ, ਬੱਚਿਆਂ ਤੇ ਸੱਸ ਜਸਵਿੰਦਰ ਕੌਰ ਨਾਲ ਫੇਜ਼-3ਬੀ1 ਵਿੱਚ ਆਪਣੇ ਮਾਪਿਆਂ ਤੋਂ ਵੱਖ ਰਹਿੰਦਾ ਸੀ। ਸੂਤਰਾਂ ਅਨੁਸਾਰ ਲੰਘੀ ਰਾਤ ਏਕਮ ਤੇ ਸੀਰਤ ਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਇਸ ਦੌਰਾਨ ਸੀਰਤ ਨੇ ਘਰ ਵਿੱਚ ਪਏ ਲਾਇਸੈਂਸੀ ਪਿਸਤੌਲ ਨਾਲ ਕਥਿਤ ਤੌਰ ‘ਤੇ ਗੋਲੀ ਮਾਰ ਕੇ ਪਤੀ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਝਗੜੇ ਦੌਰਾਨ ਸੀਰਤ ਦੀ ਮਾਂ ਉਥੇ ਮੌਜੂਦ ਨਹੀਂ ਸੀ। ਵਾਰਦਾਤ ਮਗਰੋਂ ਸੀਰਤ ਨੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾਇਆ ਅਤੇ ਲਾਸ਼ ਨੂੰ ਸੂਟਕੇਸ ਵਿੱਚ ਪਾ ਦਿੱਤਾ। ਸਵੇਰੇ ਸੀਰਤ, ਉਸ ਦੀ ਮਾਂ ਤੇ ਰਿਸ਼ਤੇਦਾਰੀ ਵਿੱਚੋਂ ਉਸ ਦੀ ਮਾਸੀ ਨੇ ਲਾਸ਼ ਘਰ ਦੇ ਬਾਹਰ ਖਾਲੀ ਪਲਾਟ ਕੋਲ ਖੜ੍ਹੀ ਚੰਡੀਗੜ੍ਹ ਨੰਬਰੀ ਇੱਕ ਬੀਐਮਡਬਲਿਊ ਕਾਰ ਦੀ ਡਿੱਗੀ ਵਿੱਚ ਰੱਖਣ ਦਾ ਯਤਨ ਕੀਤਾ ਪਰ ਇਹ ਬੈਗ ਭਾਰਾ ਹੋਣ ਕਾਰਨ ਉਨ੍ਹਾਂ ਤੋਂ ਬੈਗ ਡਿੱਗੀ ਵਿੱਚ ਨਹੀਂ ਰੱਖਿਆ ਗਿਆ। ਇਸ ਮਗਰੋਂ ਉਨ੍ਹਾਂ ਨੇ ਸੜਕ ਤੋਂ ਲੰਘ ਰਹੇ ਇੱਕ ਥ੍ਰੀ-ਵੀਲ੍ਹਰ ਨੂੰ ਰੋਕਿਆ ਅਤੇ ਬੈਗ ਭਾਰੀ ਹੋਣ ਦਾ ਬਹਾਨਾ ਲਾ ਕੇ ਚਾਲਕ ਦੀ ਮਦਦ ਮੰਗੀ। ਚਾਲਕ ਨੇ ਜਿਵੇਂ ਹੀ ਬਰੀਫਕੇਸ ਕਾਰ ਦੀ ਡਿੱਗੀ ਵਿੱਚ ਰੱਖਿਆ ਤਾਂ ਬੈਗ ਵਿਚੋਂ ਖ਼ੂਨ ਟਪਕਣ ਲੱਗ ਪਿਆ। ਇਹ ਦੇਖ ਕੇ ਥ੍ਰੀ-ਵੀਲ੍ਹਰ ਚਾਲਕ ਘਬਰਾ ਗਿਆ ਤੇ ਉੱਥੋਂ ਭੱਜ ਕੇ ਪੁਲੀਸ ਨੂੰ ਇਤਲਾਹ ਦਿੱਤੀ।
ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ-1) ਆਲਮ ਵਿਜੇ ਸਿੰਘ, ਮਟੌਰ ਥਾਣੇ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ, ਸਬ ਇੰਸਪੈਕਟਰ ਰਾਮ ਦਰਸ਼ਨ ਮੌਕੇ ‘ਤੇ ਪੁੱਜ ਗਏ ਤੇ ਬਰੀਫਕੇਸ ਵਿੱਚੋਂ ਏਕਮ ਦੀ ਲਾਸ਼ ਬਰਾਮਦ ਕੀਤੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।  ਇਸ ਦੌਰਾਨ ਏਕਮ ਦੇ ਪਿਤਾ ਨੇ ਦੱਸਿਆ ਕਿ ਏਕਮ ਇਕ ਦਿਨ ਪਹਿਲਾਂ ਉਨ੍ਹਾਂ ਕੋਲ ਆਇਆ ਸੀ ਤੇ ਪ੍ਰੇਸ਼ਾਨ ਲੱਗ ਰਿਹਾ ਸੀ ਪਰ ਕੁਝ ਦੱਸੇ ਬਿਨਾਂ ਹੀ ਵਾਪਸ ਚਲਾ ਗਿਆ।
ਏਕਮ ਦੀ ਪਤਨੀ, ਸੱਸ ਤੇ ਸਾਲੇ ਖ਼ਿਲਾਫ਼ ਕੇਸ ਦਰਜ :
ਥਾਣਾ ਮਟੌਰ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੁਲੀਸ ਨੇ ਏਕਮ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਦੇ ਬਿਆਨਾਂ ‘ਤੇ ਏਕਮ ਦੀ ਪਤਨੀ ਸੀਰਤ ਢਿੱਲੋਂ, ਸੱਸ ਜਸਵਿੰਦਰ ਕੌਰ, ਸਾਲੇ ਵਿਨੈ ਪ੍ਰਤਾਪ ਸਣੇ ਕੁਝ ਹੋਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਸੀਰਤ ਨੇ ਆਪਣੀ ਮਾਂ, ਭਰਾ ਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਏਕਮ ਦੀ ਹੱਤਿਆ ਕੀਤੀ ਹੈ। ਪੁਲੀਸ ਨੇ ਪਿਸਤੌਲ ਬਰਾਮਦ ਕਰ ਲਿਆ ਹੈ ਤੇ ਸੀਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।