ਦੁਬਈ  : ਗੁਰਦੁਆਰੇ ਵਿੱਚ ਮਲਟੀਮੀਡੀਆ ਸਿੱਖ ਮਿਊਜ਼ੀਅਮ ਕਾਇਮ

0
486

dubai-gurduara
ਕੈਪਸ਼ਨ-ਦੁਬਈ ਦੇ ਗੁਰਦੁਆਰੇ ਗੁਰੂ ਨਾਨਕ ਦਰਬਾਰ ਵਿਚ ਮਲਟੀਮੀਡੀਆ ਸਿੱਖ ਮਿਊਜ਼ੀਅਮ ਦੀ ਸ਼ੁਰੂਆਤ ਕੀਤੇ ਜਾਣ ਦਾ ਦ੍ਰਿਸ਼
ਅੰਮ੍ਰਿਤਸਰ/ਬਿਊਰੋ ਨਿਊਜ਼ :
ਲੋਕਾਂ ਨੂੰ ਸਿੱਖ ਧਰਮ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਦੁਬਈ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਸਥਾਪਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕੀਤਾ।
ਇਸ ਸਬੰਧੀ  ਜਾਣਕਾਰੀ ਦਿੰਦਿਆਂ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਅਜਿਹਾ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਸਭ ਤੋਂ ਪਹਿਲਾਂ 2004 ਵਿਚ ਖਡੂਰ ਸਾਹਿਬ ਵਿਖੇ ਸਵਰਗੀ ਡਾ. ਰਘਬੀਰ ਸਿੰਘ ਬੈਂਸ ਵੱਲੋਂ ਸਥਾਪਤ ਕੀਤਾ ਗਿਆ ਸੀ, ਜਿਥੇ ਟੱਚ ਸਕਰੀਨਾਂ ਲਾਈਆਂ ਗਈਆਂ ਸਨ, ਜਿਨ੍ਹਾਂ ਨੂੰ ਛੂਹਣ ਮਾਤਰ ਨਾਲ ਹੀ ਸਬੰਧਤ ਇਤਿਹਾਸ ਸਾਹਮਣੇ ਆ ਜਾਂਦਾ ਹੈ। ਇਹ ਅਤਿ ਆਧੁਨਿਕ ਤਕਨੀਕ ਵਾਲੇ ਮਿਊਜ਼ੀਅਮ ਨੂੰ ਵਿਸ਼ਵ ਭਰ ਵਿਚ ਵੱਡਾ ਨਾਮਣਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਦੁਬਈ ਦੇ ਇਸ ਗੁਰਦੁਆਰੇ ਵਿਚ ਸਥਾਪਤ ਕੀਤੇ ਗਏ ਆਧੁਨਿਕ ਤਕਨੀਕ ਵਾਲੇ ਅਜਾਇਬ ਘਰ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਟੱਚ ਸਕਰੀਨਾਂ ਰਾਹੀਂ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ।
ਬਾਬਾ ਸੇਵਾ ਸਿੰਘ ਵਾਤਾਵਰਣ ਅਤੇ ਵਿਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਚੁੱਕੇ ਹਨ, ਜਿਸ ਦੇ ਸਿੱਟੇ ਵਜੋਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੁਬਈ ਸਥਿਤ ਗੁਰਦੁਆਰੇ ਵਿਚ ਇਸ ਮਿਊਜ਼ੀਅਮ ਦੀ ਸ਼ੁਰੂਆਤ ਮੌਕੇ ਸਿੱਖ ਸੰਗਤਾਂ ਨੂੰ ਆਖਿਆ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਣ। ਉਨ੍ਹਾਂ ਆਖਿਆ ਕਿ ਇਹ ਮਿਊਜ਼ੀਅਮ ਵੀ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਜੋੜਣ ਲਈ ਵੱਡਾ ਪ੍ਰਚਾਰ ਮਾਧਿਅਮ ਹੈ। ਇਸ ਰਾਹੀਂ ਸਿੱਖ ਇਤਿਹਾਸ, ਰਹਿਤ ਮਰਿਆਦਾ, ਸਾਰੇ ਸਿੱਖ ਸ਼ਹੀਦਾਂ ਦਾ ਜੀਵਨ, ਸਿੱਖ ਇਤਿਹਾਸਕ ਤਰੀਕਾਂ ਤੇ ਹੋਰ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਦੁਬਈ ਵਿਚ ਸਿੱਖ ਸੰਗਤਾਂ ਵੱਲੋਂ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਸੀ। ਇਥੇ ਸਿੱਖ ਸੰਗਤਾਂ ਤੇ ਯਾਤਰੀਆਂ ਵਾਸਤੇ ਇਹ ਅਤਿ ਆਧੁਨਿਕ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਬਾਬਾ ਸੇਵਾ ਸਿੰਘ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤਜਿੰਦਰਪਾਲ ਸਿੰਘ, ਐਸ.ਪੀ ਸਿੰਘ, ਸੁਖਦੇਵ ਸਿੰਘ ਵੀ ਹਾਜ਼ਰ ਸਨ।