ਕਤਲ ਮਾਮਲੇ ‘ਚ ਦੁਬਈ ਜੇਲ੍ਹ ‘ਚ ਬੰਦ ਬਟਾਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

0
381

dubai-ch-nojwan-di-maut
ਬਟਾਲਾ/ਬਿਊਰੋ ਨਿਊਜ਼ :
ਦੁਬਈ ਵਿੱਚ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇੜਲੇ ਪਿੰਡ ਭੰਬੋਈ ਦੇ 28 ਸਾਲ ਦੇ ਅਮਰਜੀਤ ਸਿੰਘ ਦੀ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਕਤਲ ਦੇ ਮਾਮਲੇ ਵਿਚ ਉਥੋਂ ਦੀ ਇੱਕ ਅਦਾਲਤ ਨੇ 13 ਪੰਜਾਬੀਆਂ ਵਿੱਚੋਂ ਇਕ ਨੂੰ ਸਜ਼ਾ-ਏ-ਮੌਤ ਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਹੈ। ਸਜ਼ਾ-ਏ- ਮੌਤ ਵਾਲਾ ਨੌਜਵਾਨ ਵੀ ਬਟਾਲਾ ਨਾਲ ਸਬੰਧ ਹੈ। ਪਰਿਵਾਰ ਨੂੰ ਅਮਰਜੀਤ ਦੀ ਮੌਤ ਦੀ ਖ਼ਬਰ ਵੀ ਜੇਲ੍ਹ ਵਿਚ ਉਸ ਨਾਲ ਬੰਦ ਇਕ ਨੌਜਵਾਨ ਨੇ ਦਿੱਤੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਰੋਜ਼ੀ ਰੋਟੀ ਦੀ ਭਾਲ ਵਿੱਚ 2005 ਵਿਚ ਦੁਬਈ ਗਿਆ। ਉਸ ਦੇ ਪਿਤਾ ਚਰਨ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤ ਦੀ ਲਾਸ਼ ਇੱਧਰ ਲਿਆਉਣ ਲਈ ਚਾਰਾਜੋਈ ਕੀਤੀ ਜਾਵੇ। ਹਾਲਾਂ ਕਿ ਦੁਬਈ ਜਾਂ ਕੇਂਦਰ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਨੌਜਵਾਨ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਿੰਡ ਭੰਬੋਈ ਦੇ ਅਮਰਜੀਤ ਸਿੰਘ ਦੀ ਮੌਤ ਸਬੰਧੀ ਜਾਣਕਾਰੀ ਉਸ ਨਾਲ ਜੇਲ੍ਹ ਵਿਚ ਬੰਦ ਨਵਾਂ ਪਿੰਡ ਦੇ ਸਾਬੀ ਨਾਮਕ ਨੌਜਵਾਨ ਨੇ ਦਿੱਤੀ ਹੈ। ਸ੍ਰੀ ਚਰਨ ਸਿੰਘ ਨੇ ਦੱਸਿਆਂ ਕਿ ਉਸ ਦਾ ਬੇਟਾ ਅਮਰਜੀਤ 12 ਸਾਲ ਪਹਿਲਾਂ ਦੁਬਈ ਗਿਆ। ਦੋ ਮਹੀਨੇ ਪਹਿਲਾਂ ਉਸ ਦਾ ਫੋਨ ਆਇਆ ਕਿ ਉਹ ਦੁਬਈ ਦੀ ਅਲ ਅਲੀਵ ਜੇਲ੍ਹ ਵਿਚ ਕਤਲ ਕੇਸ ਵਿਚ ਬੰਦ ਹੈ। ਇਸ ਮਾਮਲੇ ਵਿਚ ਉਸ ਨਾਲ 13 ਹੋਰ ਪੰਜਾਬੀ ਵੀ ਬੰਦ ਹਨ। ਕੁਝ ਸਮਾਂ ਪਹਿਲਾਂ ਆਪਣੇ ਪੁੱਤ ਨੂੰ ਮਿਲਣ ਦੁਬਈ ਜੇਲ੍ਹ ਵਿਚ ਗਏ ਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਪਹਿਲਾਂ ਪੋਲੋ ਕਨਸ਼ਟਰਸ਼ਨ ਕੰਪਨੀ ਵਿਚ ਕੰਮ ਕਰਦਾ ਸੀ ਪਰ ਬਾਅਦ ਵਿੱਚ ਕੰਮ ਛੱਡ ਦਿੱਤਾ। ਫਿਰ ਇੱਕ ਦਿਨ ਜੇਸੀਬੀ ਨਾਲ ਉਥੇ ਮਿੱਟੀ ਪੁੱਟਦਿਆਂ ਹੇਠੋਂ ਕੁਝ ਹੱਡੀਆਂ ਮਿਲੀਆਂ ਸਨ। ਇਸੇ ਨੂੰ ਆਧਾਰ ਬਣਾਕੇ ਉਥੋਂ ਦੀ ਪੁਲੀਸ ਨੇ ਇਨ੍ਹਾਂ ਤੋਂ ਕੋਰੇ ਕਾਗ਼ਜ਼ ‘ਤੇ ਸਾਈਨ ਕਰਵਾ ਲਏ ਸਨ। ਉਨ੍ਹਾਂ ਹੱਡੀਆਂ ਦੀ ਅੱਜ ਤੱਕ ਕੋਈ ਸ਼ਨਾਖ਼ਤ ਨਹੀਂ ਹੋਈ ਕਿ ਇਹ ਕਿਸ ਦੀਆਂ ਹਨ। ਬਾਵਜੂਦ ਇਸ ਦੇ 13 ਨੌਜਵਾਨਾਂ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ। 16 ਮਾਰਚ 2013 ਨੂੰ ਉਥੋਂ ਦੀ ਅਦਾਲਤ ਨੇ ਅਮਰਜੀਤ ਦੇ ਨਾਲ ਸਾਬੀ ਪਿੰਡ ਨਵਾਂ ਪਿੰਡ ਅਤੇ ਇੱਕ ਹੋਰ ਨੌਜਵਾਨ ਮੇਜਰ ਸਿੰਘ ਪਿੰਡ ਗੰਡੇ ਕੇ (ਦੋਵੇਂ ਪਿੰਡ ਤਹਿਸੀਲ ਬਟਾਲਾ) ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਹੋਰਾਂ ਦੀ ਸਜ਼ਾ ਉਮਰ ਕੈਦ ਹੈ। ਅਦਾਲਤ ਨੇ ਲੰਘੀ 16 ਮਾਰਚ ਨੂੰ ਪਿੰਡ ਗੰਡੇ ਕੇ ਦੇ ਮੇਜਰ ਸਿੰਘ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਦਿਆ ਅਮਰਜੀਤ ਸਿੰਘ ਅਤੇ ਸਾਬੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ।