ਗੈਂਗਸਟਰ ਦਿਲਪ੍ਰੀਤ ਬਾਬਾ ਦਾ ਇਕ ਹੋਰ ਸਾਥੀ ਕਾਬੂ

0
549

 

Gangster Dilpreet Singh being taken by Chandigarh police after discharged from PGI on Friday. Tribune Photo Pradeep Tewari

 

 

 

 

 
ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਮਿਲਣ ਬਾਅਦ ਚੰਡੀਗੜ੍ਹ ਪੁਲੀਸ ਆਪਣੇ ਨਾਲ ਲੈ ਕੇ ਜਾਂਦੀ ਹੋਈ।

ਮੋਹਾਲੀ/ਬਿਊਰੋ ਨਿਊਜ਼ :

ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੇ ਇਕ ਹੋਰ ਸਾਥੀ ਅਰੁਣ ਕੁਮਾਰ ਉਰਫ਼ ਸੰਨੀ ਵਾਸੀ ਪਿੰਡ ਭਲਿਆਣ (ਰੂਪਨਗਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਰੁਣ ਨੇ ਦਿਲਪ੍ਰੀਤ ਨੂੰ ਰਹਿਣ ਲਈ ਥਾਂ ਮੁਹੱਈਆ ਕੀਤੀ ਸੀ। ਇਹ ਖੁਲਾਸਾ ਕਰਦਿਆਂ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਰੁਣ ਕੁਮਾਰ ਗੈਂਗਸਟਰ ਦਿਲਪ੍ਰੀਤ ਦਾ ਪੁਰਾਣਾ ਦੋਸਤ ਹੈ ਜਿਸ ਨੇ ਦਿਲਪ੍ਰੀਤ ਤੇ ਉਸ ਦੇ ਸਾਥੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਅਕਾਸ਼ ਨੂੰ ਆਪਣੇ ਹੋਰ ਦੋਸਤਾਂ ਦੇ ਘਰ ਕਈ ਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਨੀ ਸੜਕਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਵਿਚ ਗਰੇਡਰ ਮਸ਼ੀਨ ਦੇ ਅਪਰੇਟਰ ਵਜੋਂ ਹਰਿਆਣਾ ਵਿਚ ਕੰਮ ਕਰਦਾ ਹੈ। ਇਹ ਨਿਰਮਾਣ ਸਥਾਨਾਂ ‘ਤੇ ਕਿਰਾਏ ‘ਤੇ ਕਮਰਾ ਲੈ ਕੇ ਰਹਿੰਦਾ ਰਿਹਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਹਰਿਆਣਾ ਦੇ ਪਿੰਡ ਖੁਰਦੀ (ਯਮੁਨਾਨਗਰ) ਵਿਚ ਵੀ ਕਿਰਾਏ ‘ਤੇ ਘਰ ਲਿਆ ਸੀ ਜਿੱਥੇ ਅਕਸਰ ਗੈਂਗਸਟਰ ਦਿਲਪ੍ਰੀਤ ਉਸ ਕੋਲ ਆਉਂਦਾ ਜਾਂਦਾ ਰਿਹਾ ਹੈ।
ਪੁਲੀਸ ਅਨੁਸਾਰ ਮੁਲਜ਼ਮ ਅਰੁਣ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਦਿਲਪ੍ਰੀਤ ਪਹਿਲਾਂ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਵੇਚਦਾ ਸੀ ਅਤੇ ਉਹ ਵੀ ਕਈ ਵਾਰ ਦਿਲਪ੍ਰੀਤ ਨਾਲ ਰਾਜਸਥਾਨ ਤੋਂ ਅਫ਼ੀਮ ਲੈਣ ਜਾਂਦਾ ਰਿਹਾ ਹੈ। ਦਿਲਪ੍ਰੀਤ ਨੇ ਉਸ ਰਾਹੀਂ ਨੰਗਲ ਇਲਾਕੇ ਦੇ ਕਰੱਸ਼ਰ ਦੇ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਦੀ ਯੋਜਨਾ ਬਣਾਈ ਸੀ ਜਿਸ ਵਿਚ ਉਹ ਸਫ਼ਲ ਨਹੀਂ ਹੋ ਸਕੇ ਅਤੇ ਇਸ ਦੌਰਾਨ ਦਿਲਪ੍ਰੀਤ ਪੁਲੀਸ ਦੇ ਧੱਕੇ ਚੜ੍ਹ ਗਿਆ। ਮੁਲਜ਼ਮ ਅਰੁਣ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ।

ਉਧਰ ਪੀਜੀਆਈ ਵਿਚ ਜ਼ੇਰੇ ਇਲਾਜ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਸਿਹਤ ਵਿਚ ਸੁਧਾਰ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲੀਸ ਨੂੰ ਹਾਲੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਹਸਪਤਾਲ ‘ਚੋਂ ਛੁੱਟੀ ਮਿਲਦੇ ਹੀ ਯੂਟੀ ਪੁਲੀਸ ਨੇ ਗੈਂਗਸਟਰ ਬਾਬਾ ਨੂੰ ਸਰਪੰਚ ਕਤਲ ਕੇਸ ਵਿਚ ਹਿਰਾਸਤ ਵਿਚ ਲੈ ਲਿਆ। ਏਆਈਜੀ ਵਰਿੰਦਰਪਾਲ ਨੇ ਕਿਹਾ ਕਿ ਦਿਲਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਜਾਣਗੇ।