‘ਆਪ’ ਦੇ ਹਟਾਏ ਉਮੀਦਵਾਰ ਡਾ. ਰਣਜੋਧ ਸਿੰਘ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

0
636

dharmkot-ch-aap-umeedwar
ਕੈਪਸ਼ਨ-ਧਰਮਕੋਟ ਵਿੱਚ ‘ਆਪ’ ਵੱਲੋਂ ਹਟਾਏ ਉਮੀਦਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਉਸ ਦੇ ਸਮਰਥਕ।  
ਮੋਗਾ/ਬਿਊਰੋ ਨਿਊਜ਼ :
ਧਰਮਕੋਟ ਵਿਧਾਨ ਸਭਾ ਹਲਕਾ ਤੋਂ ਹਟਾਏ ਉਮੀਦਵਾਰ ਤੇ ਉਸ ਦੇ ਸੈਂਕੜੇ ਸਮਰਥਕਾਂ ਨੇ ਆਮ ਆਦਮੀ ਪਾਰਟੀ ‘ਆਪ’ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਮੌਕੇ ਨਵੇਂ ਉਮੀਦਵਾਰ ਦਾ ਵਿਰੋਧ ਕਰਦਿਆਂ ਨਾਰਾਜ਼ ਵਾਲੰਟੀਅਰਾਂ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਧਰਮਕੋਟ ਤੋਂ ਹਟਾਏ ‘ਆਪ’ ਉਮੀਦਵਾਰ ਡਾ. ਰਣਜੋਧ ਸਿੰਘ ਨੇ ਸਮਰਥਕਾਂ ਨੂੰ ਕਿਹਾ ਕਿ ਉਹ 2013 ਵਿੱਚ ਪਾਰਟੀ ਨਾਲ ਜੁੜੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕਿਲ੍ਹਾ ਮੰਨੇ ਜਾਂਦੇ ਇਸ ਹਲਕੇ ਵਿੱਚ ਸਮਰਥਕਾਂ ਨਾਲ ਕੀਤੀ ਮਿਹਨਤ ਸਦਕਾ ‘ਆਪ’ ਸੰਸਦ ਸਾਧੂ ਸਿੰਘ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੋਂ ਵੱਧ ਵੋਟਾਂ ਦੀ ਲੀਡ ਹਾਸਲ ਹੋਈ ਸੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਇਮਾਨਦਾਰ ਤੇ ਮਿਹਨਤੀ ਵਾਲੰਟੀਅਰ ਦੀ ਕੋਈ ਕਦਰ ਨਹੀਂ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਸ਼ੁਰੂ ਹੋਈ ਤਾਂ ਪਾਰਟੀ ਦੀ ਅਸਲੀਅਤ ਸਾਹਮਣੇ ਆਈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵਿੱਚ ਪਾਰਟੀ ਨੂੰ ਕੋਈ ਖੋਟ ਨਜ਼ਰ ਨਹੀਂ ਆਈ ਤਾਂ ਠੀਕ ਢੰਗ ਨਾਲ ਚੋਣ ਪ੍ਰਚਾਰ ਨਾ ਕਰਨ ਦਾ ਦੋਸ਼ ਲਾ ਕੇ ਉਸ ਦੀ ਟਿਕਟ ਕੱਟੀ ਗਈ। ਉਨ੍ਹਾਂ ਇਸ ਟਿਕਟ ਲਈ ਵਿਦੇਸ਼ ਵਿੱਚ ਕਥਿਤ ਡੀਲ ਕਰਨ ਦਾ ਦੋਸ਼ ਲਾਉਂਦੇ ਕਿਹਾ ਕਿ ਹੁਣ ਇਹ ਆਮ ਆਦਮੀ ਪਾਰਟੀ ਨਹੀਂ ਰਹੀ ਤੇ ਹੁਣ ਅਮੀਰ ਲੋਕਾਂ ਦੀ ਬਣ ਗਈ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਉਹ ‘ਆਪ’ ਨੂੰ ਅਲਵਿਦਾ ਆਖ ਰਹੇ ਹਨ। ਇਸ ਮੌਕੇ ਮੌਜੂਦ ਉਨ੍ਹਾਂ ਦੇ ਸੈਂਕੜੇ ਸਮਰਥਕ ਵਾਲੰਟੀਅਰਾਂ ਨੇ ਇਸ ਹਲਕੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸੁਖਜੀਤ ਸਿੰਘ ਉਰਫ਼ ਕਾਕਾ ਲੋਹਗੜ੍ਹ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਜ਼ਦੀਕੀ ਨੇ ਕਿਹਾ ਕਿ ਪਾਰਟੀ ਨੂੰ ਇਸ ਫ਼ੈਸਲੇ ਤੋਂ ਪਹਿਲਾਂ ਪਾਰਟੀ ਨੂੰ  ਹਲਕੇ ਦੇ ਵਾਲੰਟੀਅਰਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ।