ਸ਼੍ਰੋਮਣੀ ਕਮੇਟੀ ਵੱਲੋਂ ਮਾਝਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਆਰੰਭ

0
253

dharam-parchar-lehar

ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ‘ਚ ਹੋਵੇਗੀ ਸਥਾਪਤ
ਜੰਗੀ ਨਾਇਕਾਂ ਦੀ ਯਾਦ ਵਿਚ ਸਮਾਗਮ 8 ਸਤੰਬਰ ਨੂੰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1965 ਦੀ ਭਾਰਤ-ਪਾਕਿ ਜੰਗ ਦੇ ਨਾਇਕ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਅਤੇ ਅਬਦੁਲ ਹਮੀਦ ਦੀ ਯਾਦ ਵਿੱਚ ਅੱਠ ਸਤੰਬਰ ਨੂੰ ਵਿਸ਼ੇਸ਼ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਿੱਖ ਨਾਇਕ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਤ ਕੀਤੀ ਜਾਵੇਗੀ। ਇਹ ਖ਼ੁਲਾਸਾ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਇੱਥੇ ਮਾਲਵਾ ਅਤੇ ਦੋਆਬਾ ਤੋਂ ਬਾਅਦ ਮਾਝਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਦਾ ਆਗਾਜ਼ ਕੀਤਾ ਹੈ।
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਰਮ ਪ੍ਰਚਾਰ ਲਹਿਰ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਹਿੱਸਾ ਲੈਣ ਮਗਰੋਂ ਪ੍ਰੋ. ਬਡੂੰਗਰ ਨੇ ਆਖਿਆ ਕਿ 1965 ਦੀ ਭਾਰਤ-ਪਾਕਿ ਜੰਗ ਵਿੱਚ ਆਸਲ ਉਤਾੜ ਵਿੱਚ ਭਾਰਤੀ ਫ਼ੌਜਾਂ ਨੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਅਗਵਾਈ ਹੇਠ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ ਸੀ। ਇਸ ਜੰਗ ਵਿੱਚ ਪਾਕਿਸਤਾਨੀ ਫ਼ੌਜ ਨੇ ਖੇਮਕਰਨ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ ਅਤੇ ਪੰਜ ਕਿਲੋਮੀਟਰ ਅੰਦਰ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਈਆਂ ਸਨ। ਭਾਰਤੀ ਫ਼ੌਜ ਨੂੰ ਪਿੱਛੇ ਹਟਣ ਲਈ ਆਖਿਆ ਗਿਆ ਸੀ ਪਰ ਫ਼ੌਜੀ ਮੁਖੀ ਹਰਬਖ਼ਸ਼ ਸਿੰਘ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਰਤੀ ਇਲਾਕੇ ਨੂੰ ਛੁਡਵਾਇਆ ਸੀ। ਉਨ੍ਹਾਂ ਆਖਿਆ ਕਿ ਇਸ ਫ਼ੌਜੀ ਨਾਇਕ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸਥਾਪਤ ਹੋਵੇਗੀ। ਗੁਰੂ ਰਾਮਦਾਸ ਯੂਨੀਵਰਸਿਟੀ ਦੇ ਵਿਹੜੇ ਵਿੱਚ ਬਣੇ ਰੇਸਤਰਾਂ ਵਿੱਚ ਮਾਸਾਹਾਰੀ ਭੋਜਨ ਪਰੋਸਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਮੌਕੇ ਦਾ ਜਾਇਜ਼ਾ ਲੈਣਗੇ ਤੇ ਇਸ ਮਗਰੋਂ ਹੀ ਟਿੱਪਣੀ ਕਰਨਗੇ। ਪਾਠੀ ਸਿੰਘਾਂ ਵੱਲੋਂ ਹਰਿਮੰਦਰ ਸਾਹਿਬ ਸਮੂਹ ਵਿੱਚ ਕੀਤੇ ਰੋਸ ਵਿਖਾਵੇ ਨੂੰ ਮੰਦਭਾਗਾ ਆਖਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਠੀ ਸਿੰਘਾਂ ਦੀਆਂ ਮੰਗਾਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਸ਼੍ਰੋਮਣੀ ਕਮੇਟੀ ਵੱਲੋਂ ਸਾਰਾਗੜੀ ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਦੇ ਗੁਰਦੁਆਰਾ ਵਜੀਦਪੁਰ ਵਿਖੇ ਸਮਾਗਮ ਕੀਤਾ ਜਾਵੇਗਾ। ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਾਰੇ ਪ੍ਰੋ. ਬਡੂੰਗਰ ਨੇ ਆਖਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਕਾਰਜਕਾਲ ਸਮੇਂ ਇਹ ਮਾਮਲਾ ਵਿਚਾਰਿਆ ਸੀ ਤੇ ਹੁਣ ਮੁੜ ਵਿਚਾਰਿਆ ਜਾਵੇਗਾ। ਬੰਗਲੌਰ ਵਿੱਚ ਸਿੱਖ ਪਰਿਵਾਰ ਦੀ ਕੁੱਟਮਾਰ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਜਾਂਚ ਕਮੇਟੀ ਭੇਜੀ ਜਾਵੇਗੀ।
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪ੍ਰੋ. ਬਡੂੰਗਰ ਨੇ ਆਖਿਆ ਕਿ ਮਾਝੇ ਵਿੱਚ ਧਰਮ ਪ੍ਰਚਾਰ ਲਹਿਰ ਦੀ ਅਗਵਾਈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਰਨਗੇ। ਸਮਾਗਮ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਨੂੰ ਵੀ ਸਤਿਕਾਰ ਭੇਟ ਕੀਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿੱਖ ਧਰਮ ਵਿੱਚ ਵਹਿਮਾਂ-ਭਰਮਾਂ ਅਤੇ ਪਾਖੰਡਵਾਦ ਲਈ ਕੋਈ ਥਾਂ ਨਹੀਂ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਸਮਾਜ ਵਿੱਚ ਪਾਖੰਡਵਾਦ ਭਾਰੂ ਹੋ ਰਿਹਾ ਹੈ, ਜਿਸ ਤੋਂ ਮੁਕਤੀ ਪਾਉਣ ਦੀ ਲੋੜ ਹੈ। ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ।