ਦਿੱਲੀ ਕਮੇਟੀ ਨੇ ਝੂਠੇ ਪੁਲੀਸ ਮੁਕਾਬਲਿਆਂ ‘ਚ ਮਾਰੇ ਗਏ ਸਿੱਖਾਂ ਸਬੰਧੀ ਜਾਣਕਾਰੀ ਮੰਗੀ

0
238

delhi-gurdwara-parbandhak-committee
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿਚ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰੇ ਗਏ ਜਾਂ ਲਾਪਤਾ ਹੋਏ ਸਿੱਖਾਂ ਨਾਲ ਸੰਬੰਧਤ ਤੱਥਾਂ ਨੂੰ ਇਕੱਠਾ ਕਰਨ ਦੀ ਪਹਿਲ ਕੀਤੀ ਹੈ ਅਤੇ ਅਜਿਹੇ ਮਾਮਲਿਆਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਕੋਲ ਪਹੁੰਚਾਉਣ ਦੀ ਅਪੀਲ ਜਾਰੀ ਕੀਤੀ ਗਈ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਪੰਜਾਬ ਸਰਕਾਰ ਦੇ ਖਿਲਾਫ ਕਮੇਟੀ ਵੱਲੋਂ ਦਾਇਰ ਕੀਤੇ ਗਏ ਕੇਸ ਦਾ ਹਵਾਲਾ ਦਿੰਦੇ ਹੋਏ ਪੀੜਤ ਪਰਿਵਾਰਾਂ ਨੂੰ ਕਮੇਟੀ ਵੱਲੋਂ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਜੌਲੀ ਨੇ ਦੱਸਿਆ ਕਿ ਪੁਲੀਸ ਦੀ ਜ਼ਿਆਦਤੀ ਸਦਕਾ ਲਗਭਗ 1 ਲੱਖ ਨੌਜਵਾਨਾਂ ਦੇ ਕਤਲ ਦੇ ਅਣ-ਅਧਿਕਾਰਤ ਅੰਕੜਿਆਂ ਦਾ ਅਕਸਰ ਜ਼ਿਕਰ ਹੁੰਦਾ ਹੈ ਪਰ ਜਦੋਂ ਅਸੀਂ ਤਫ਼ਤੀਸ਼ ਕਰਦੇ ਹੋਏ ਤੱਥਾਂ ਦੀ ਪੜਚੋਲ ਕਰਦੇ ਹਾਂ ਤਾਂ ਗਿਣਤੀ ਵਿਚ ਸਿਰਫ ਕੁਝ ਕੁ ਮਾਮਲੇ ਹੀ ਸਾਹਮਣੇ ਆਉਂਦੇ ਹਨ। ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 21 ਸਿੱਖ ਨੌਜਵਾਨਾਂ ਦੇ ਹਵਾਲਗੀ ਕਤਲ ਦਾ ਕੀਤਾ ਗਿਆ ਕਬੂਲਨਾਮਾ ਵੀ ਸ਼ਾਮਲ ਹੈ। ਮਨੁੱਖੀ ਅਧਿਕਾਰ ਕਾਰਕੂਨ ਜਸਵੰਤ ਸਿੰਘ ਖਾਲੜਾ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ ਤੋਂ ਬਾਅਦ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਸ਼ਮਸਾਨ ਘਾਟਾਂ ਵਿਚ ਲਵਾਰਿਸ਼ ਲਾਸ਼ਾਂ ਦੱਸ ਕੇ ਸਾੜੇ ਗਏ ਸਿੱਖ ਨੌਜਵਾਨਾਂ ਦੇ ਇਕੱਤਰ ਕੀਤੇ ਗਏ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਜੌਲੀ ਨੇ ਕਿਹਾ ਕਿ ਉਕਤ ਅੰਕੜੇ ਗਵਾਹੀ ਭਰਦੇ ਹਨ ਕਿ ਉਸ ਵੇਲੇ ਪੰਜਾਬ ਪੁਲੀਸ ਵੱਲੋਂ ਅੱਤਵਾਦ ਦੇ ਨਾਂਅ ‘ਤੇ ਨਿਰਦੋਸ਼ ਸਿੱਖਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਮਾਰ ਮੁਕਾਇਆ ਗਿਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਾਂ ਤੇ ਦਰਿਆਵਾਂ ਵਿਚ ਵਹਾ ਦਿੱਤਾ ਗਿਆ ਜਾਂ ਲਾਵਾਰਿਸ਼ ਲਾਸ਼ ਦੱਸ ਕੇ ਸ਼ਮਸ਼ਾਨਾਂ ਵਿਚ ਫੂਕ ਦਿੱਤਾ ਗਿਆ ਸੀ।