ਅਦਾਲਤ ਨੇ ਗੁਰਦੁਆਰਾ ਚੋਣਾਂ ਸਬੰਧੀ ਮੰਗਿਆ ਪ੍ਰੋਗਰਾਮ ਦਾ ਵੇਰਵਾ

0
459

gurdwara-bangla-sahib
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਗੁਰਦੁਆਰਾ ਚੋਣਾਂ ਸਬੰਧੀ ਅਦਾਲਤ ਵਿਚ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਦੀ ਜੱਜ ਜਸਟਿਸ ਹੀਮਾ ਕੋਹਲੀ ਨੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਨੂੰ 23 ਜਨਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਗੁਰਦੁਆਰਾ ਚੋਣਾਂ ਕਰਵਾਉਣ ਸਬੰਧੀ ਤਾਰੀਖਾਂ ਦਾ ਵੇਰਵਾ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਗੁਰਦੁਆਰਾ ਚੋਣ ਵਿਭਾਗ ਨੇ ਅਦਾਲਤ ਨੂੰ ਦੱਸਿਆ ਕਿ ਮੂਲ ਵੋਟਰ ਸੂਚੀਆਂ ਜਨਵਰੀ ਵਿਚ ਛਪ ਕੇ ਪ੍ਰਾਪਤ ਹੋ ਗਈਆਂ ਹਨ ਅਤੇ ਹੁਣ ਇਹ ਸੂਚੀਆਂ ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡਾਂ ਦੇ ਚੋਣ ਰਜਿਸਟ੍ਰੇਸ਼ਨ ਅਫਸਰਾਂ ਪਾਸ ਜਾਂਚ ਲਈ ਭੇਜ ਦਿੱਤੀਆਂ ਗਈਆਂ ਹਨ। ਇਨ੍ਹਾਂ ਵੋਟਰ ਸੂਚੀਆਂ ਵਿਚ ਛਪਾਈ ਦੌਰਾਨ ਹੋਈਆਂ ਗਲਤੀਆਂ ਦੀ ਸੋਧ ਦਾ ਕੰਮ 17 ਜਨਵਰੀ ਤੱਕ ਪੂਰਾ ਕਰਕੇ ਇਨ੍ਹਾਂ ਦੀ ਅੰਤਿਮ ਪ੍ਰਕਾਸ਼ਨਾ 20 ਜਨਵਰੀ ਤੱਕ ਕਰ ਦਿੱਤੀ ਜਾਵੇਗੀ। ਅਦਾਲਤ ਨੇ ਗੁਰਦੁਆਰਾ ਚੋਣ ਵਿਭਾਗ ਦੀ ਉਕਤ ਜਾਣਕਾਰੀ ਤੋਂ ਬਾਅਦ ਹੀ ਚੋਣ ਵਿਭਾਗ ਨੂੰ 23 ਜਨਵਰੀ ਨੂੰ ਸੁਣਵਾਈ ਦੌਰਾਨ ਗੁਰਦੁਆਰਾ ਚੋਣਾਂ ਕਰਵਾਉਣ ਸਬੰਧੀ ਤਾਰੀਖਾਂ ਦਾ ਵੇਰਵਾ ਦੇਣ ਦੀ ਹਦਾਇਤ ਕੀਤੀ। ਇਸੇ ਸਬੰਧੀ ਦਿੱਲੀ ਗੁਰਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਵਿਚ ਦਿੱਲੀ ਗੁਰਦੁਆਰਾ ਚੋਣਾਂ ਫਰਵਰੀ ਮਹੀਨੇ ਦੇ ਮੱਧ ਵਿਚ ਕਿਸੇ ਸਮੇਂ ਵੀ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਵਿਚ ਤਕਰੀਬਨ 4 ਲੱਖ ਸਿੱਖ ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਦਾਲਤ ਵੱਲੋਂ ਗੁਰਦੁਆਰਾ ਚੋਣ ਵਿਭਾਗ ਦੀ ਹਰ ਪ੍ਰਕਿਰਿਆ ‘ਤੇ ਨਜ਼ਰ ਰੱਖੇ ਜਾਣ ਸਬੰਧੀ ਜਸਟਿਸ ਹੀਮਾ ਕੋਹਲੀ ਵੱਲੋਂ ਸੁਣਵਾਈ ਦੌਰਾਨ ਕੀਤੀ ਗਈ ਟਿੱਪਣੀ ਤੋਂ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਚੋਣਾਂ ਲਮਕਣ ਦੇ ਆਸਾਰ ਲਗਭਗ ਨਾ ਦੇ ਬਰਾਬਰ ਹੋ ਗਏ ਹਨ।