ਕੋਲਿਆਂਵਾਲੀ, ਘੁਬਾਇਆ ਤੇ ਨੋਨੀ ਮਾਨ ਵੱਡੇ ਡਿਫਾਲਟਰ

0
372

defaulter-leader
936 ਕਰੋੜ ਦੇ ਕਰਜ਼ੇ ਦੀ ਵਸੂਲੀ ਲਈ ਖੇਤੀ ਵਿਕਾਸ ਬੈਂਕ ਕਰੇਗਾ ਲੀਡਰਾਂ ਦੀ ਘੇਰਾਬੰਦੀ
ਬਠਿੰਡਾ/ਚਰਨਜੀਤ ਭੁੱਲਰ :
ਖੇਤੀ ਵਿਕਾਸ ਬੈਂਕ ਹੁਣ ਸਿਆਸੀ ਦਮਖ਼ਮ ਵਾਲੇ ਡਿਫਾਲਟਰਾਂ ਦੀ ਘੇਰਾਬੰਦੀ ਕਰਨਗੇ। ਇਨ੍ਹਾਂ ਬੈਂਕਾਂ ਨੇ ਵੱਡੇ ਤੇ ਜਾਣ ਬੁੱਝ ਕੇ ਕਿਸ਼ਤਾਂ ਨਾ ਤਾਰਨ ਵਾਲੇ ਡਿਫਾਲਟਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਸ਼ਾਮਲ ਹਨ। ਖੇਤੀ ਵਿਕਾਸ ਬੈਂਕਾਂ ਨੇ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਆਪਣਾ ‘ਹੋਮ ਵਰਕ’ ਸ਼ੁਰੂ ਕਰ ਦਿੱਤਾ ਹੈ। ਨਵੀਂ ਹਕੂਮਤ ਨੇ ਇਜਾਜ਼ਤ ਦਿੱਤੀ ਤਾਂ ਬੈਂਕ ਅਧਿਕਾਰੀ ਇਨ੍ਹਾਂ ਡਿਫਾਲਟਰਾਂ ਦੇ ਗ੍ਰਿਫ਼ਤਾਰੀ ਵਾਰੰਟ ਤਿਆਰ ਕਰਨਗੇ। ਨੋਟਬੰਦੀ ਤੇ ਚੋਣਾਂ ਨੇ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ ਭੁੰਜੇ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਨ੍ਹਾਂ ਬੈਂਕਾਂ ਦੇ 37 ਹਜ਼ਾਰ ਡਿਫਾਲਟਰ ਹਨ, ਜਿਨ੍ਹਾਂ ਵੱਲ 936 ਕਰੋੜ ਰੁਪਏ ਕਰਜ਼ਾ ਖੜ੍ਹਾ ਹੈ।
ਖੇਤੀ ਵਿਕਾਸ ਬੈਂਕ ਮਲੋਟ ਦੇ ਪੁਰਾਣੇ ਤੇ ਵੱਡੇ ਡਿਫਾਲਟਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦਾ ਨਾਂ ਬੋਲਦਾ ਹੈ। ਕੋਲਿਆਂਵਾਲੀ ਨੇ ਕੰਬਾਈਨ ਤੇ ਉਨ੍ਹਾਂ ਦੀ ਪਤਨੀ ਨੇ ਟਰੈਕਟਰ ਦਾ ਲੋਨ ਲਿਆ ਸੀ। ਹੁਣ ਇਹ ਪਰਿਵਾਰ 70 ਲੱਖ ਰੁਪਏ ਦਾ ਡਿਫਾਲਟਰ ਹੈ। ਸੂਤਰਾਂ ਮੁਤਾਬਕ ਕੋਲਿਆਂਵਾਲੀ ਨੇ ਤਕਰੀਬਨ ਇੱਕ ਦਹਾਕੇ ਤੋਂ ਲੋਨ ਦੀ ਕੋਈ ਕਿਸ਼ਤ ਨਹੀਂ ਤਾਰੀ ਹੈ। ਪੱਖ ਜਾਣਨ ਵਾਸਤੇ ਫੋਨ ਕੀਤਾ ਪਰ ਉਨ੍ਹਾਂ ਚੁੱਕਿਆ ਨਹੀਂ। ਖੇਤੀ ਵਿਕਾਸ ਬੈਂਕ ਜਲਾਲਾਬਾਦ ਤੋਂ ਅਕਾਲੀ ਐਮਪੀ ਸ਼ੇਰ ਸਿੰਘ ਘੁਬਾਇਆ ਨੇ ਸਾਲ 2014 ਵਿੱਚ ਵਰਮੀਕਲਚਰ ਦਾ ਪੰਜ ਲੱਖ ਦਾ ਲੋਨ ਅਤੇ ਇਸੇ ਤਰ੍ਹਾਂ ਅੰਡਰਗਰਾਊਂਡ ਪਾਈਪਾਂ ਪਾਉਣ ਵਾਸਤੇ ਪੰਜ ਲੱਖ ਰੁਪਏ ਦਾ ਹੋਰ ਕਰਜ਼ਾ ਲਿਆ ਸੀ। ਸ੍ਰੀ ਘੁਬਾਇਆ ਦੋ ਕਿਸ਼ਤਾਂ ਨਾ ਤਾਰਨ ਕਰਕੇ ਹੁਣ ਡਿਫਾਲਟਰ ਬਣ ਗਏ ਹਨ। ਐਮ.ਪੀ ਘੁਬਾਇਆ ਦਾ ਭਰਾ ਜੰਗੀਰ ਸਿੰਘ ਘਰ ਮੁਰੰਮਤ ਦੇ ਸਾਲ 2011 ਵਿੱਚ ਲਏ ਚਾਰ ਲੱਖ ਦੇ ਕਰਜ਼ੇ ਵਿਚ ਹੁਣ ਬੈਂਕ ਦਾ 6.50 ਲੱਖ ਰੁਪਏ ਦਾ ਡਿਫਾਲਟਰ ਹੈ ਜਦੋਂ ਕਿ ਘੁਬਾਇਆ ਦਾ ਦੂਜਾ ਭਰਾ ਮੁਨਸ਼ਾ ਸਿੰਘ ਕੈਟਲ ਸ਼ੈੱਡ ਦੇ ਸਾਲ 2004 ਵਿਚ ਲਏ ਕਰਜ਼ੇ ਵਿੱਚ ਢਾਈ ਲੱਖ ਰੁਪਏ ਦਾ ਡਿਫਾਲਟਰ ਹੈ। ਪੱਖ ਜਾਣਨਾ ਚਾਹਿਆ ਤਾਂ ਐਮਪੀ ਨੇ ਰੁਝੇਵੇਂ ਕਾਰਨ ਗੱਲ ਨਹੀਂ ਕੀਤੀ।
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਰਦੇਵ ਮਾਨ ਉਰਫ਼ ਨੋਨੀ ਮਾਨ ਨੇ ਖੇਤੀ ਵਿਕਾਸ ਬੈਂਕ ਜਲਾਲਾਬਾਦ ਤੋਂ ਮਈ 2015 ਵਿੱਚ ਲਏ 10 ਲੱਖ ਦੇ ਕਰਜ਼ੇ ਦੀ ਕੋਈ ਕਿਸ਼ਤ ਨਹੀਂ ਭਰੀ ਹੈ। ਨੋਨੀ ਮਾਨ ਨੇ ਵੀ ਫੋਨ ਨਹੀਂ ਚੁੱਕਿਆ। ਨੋਨੀ ਮਾਨ ਦੇ ਚਚੇਰੇ ਭਰਾ ਹਿੰਮਤ ਸਿੰਘ ਨੇ ਖੇਤੀ ਵਿਕਾਸ ਬੈਂਕ ਤੋਂ ਸਾਲ 2007 ਵਿੱਚ 2.47 ਲੱਖ ਦਾ ਕਰਜ਼ਾ ਲਿਆ ਸੀ ਅਤੇ ਹੁਣ ਉਹ 2.99 ਲੱਖ ਦਾ ਡਿਫਾਲਟਰ ਹੈ। ਜਲਾਲਾਬਾਦ  ਬੈਂਕ ਦੇ ਮੈਨੇਜਰ ਗੁਰਮੀਤ ਸਿੰਘ ਨੇ ਕਿਹਾ ਕਿ ਦੋ ਕਿਸ਼ਤਾਂ ਨਾ ਤਾਰਨ ਵਾਲਾ ਵਿਅਕਤੀ ਡਿਫਾਲਟਰ ਬਣ ਜਾਂਦਾ ਹੈ। ਹੁਣ ਉਹ ਇਨ੍ਹਾਂ ਡਿਫਾਲਟਰਾਂ ਨੂੰ ਨੋਟਿਸ ਦੇਣਗੇ, ਉਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਨੋਟਬੰਦੀ ਤੇ ਚੋਣਾਂ ਕਰ ਕੇ ਐਤਕੀਂ ਕਪਾਹ ਪੱਟੀ ਦੇ 24 ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ 14 ਫ਼ੀਸਦ ਰਹਿ ਗਈ ਹੈ, ਜੋ ਪਿਛਲੇ ਵਰ੍ਹੇ 36 ਫ਼ੀਸਦ ਸੀ। ਖੇਤੀਬਾੜੀ ਵਿਕਾਸ ਬੈਂਕ ਤਲਵੰਡੀ ਸਾਬੋ ਦਾ ਕਾਂਗਰਸੀ ਨੇਤਾ ਗੁਰਮੀਤ ਸਿੰਘ, ਜੋ ਪਹਿਲਾਂ ਅਕਾਲੀ ਦਲ ਵਿੱਚ ਸੀ, ਵੀ ਟਰੈਕਟਰ ਦੇ ਕਰਜ਼ੇ ਵਿੱਚ 12.50 ਲੱਖ ਦਾ ਡਿਫਾਲਟਰ ਹੈ।

ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕਾਂਗੇ : ਐਮਡੀ
ਖੇਤੀ ਵਿਕਾਸ ਬੈਂਕਾਂ ਦੇ ਐਮਡੀ ਹਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵੱਡੇ ਡਿਫਾਲਟਰਾਂ ਵਿਚੋਂ ਕੁਝ ਤਾਂ ਕਿਸ਼ਤਾਂ ਭਰ ਗਏ ਹਨ ਅਤੇ ਜੋ ਪੁਰਾਣੇ ਤੇ ਹੋਰ ਬਾਕੀ ਵੱਡੇ ਡਿਫਾਲਟਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਨਵੀਂ ਸਰਕਾਰ ਨੇ ਇਜਾਜ਼ਤ ਦਿੱਤੀ ਤਾਂ ਅਜਿਹੇ ਡਿਫਾਲਟਰਾਂ ਦੇ ਗ੍ਰਿਫ਼ਤਾਰੀ ਵਾਰੰਟ ਤਿਆਰ ਕਰਾਏ ਜਾਣਗੇ।