ਦਾੜ੍ਹੀ ਕੱਟਣ ਵਾਲੇ ਸਰਪੰਚ ਨੇ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਮੰਗੀ ਮੁਆਫ਼ੀ

0
232

ਜਲਘਰ ਚਾਲੂ ਕਰਾਉਣ ਦੀ ਮੰਗ ਨੂੰ ਲੈ ਕੇ ਦਾੜ੍ਹੀ ਕੱਟ ਕੇ ਡੀ.ਸੀ. ਦਫ਼ਤਰ ਟੰਗੀ ਸੀ

darhi-katan-wala-sarpanch
ਕੈਪਸ਼ਨ-ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਖੜ੍ਹਾ ਸਰਪੰਚ ਹਰਭਜਨ ਸਿੰਘ ਤੇ ਉਸ ਦੇ ਸਾਥੀ।  
ਅੰਮ੍ਰਿਤਸਰ/ਬਿਊਰੋ ਨਿਊਜ਼ :
ਜ਼ਿਲ੍ਹਾ ਮੋਗਾ ਦੇ ਪਿੰਡ ਬਹੋਨਾ ਦੇ ਸਰਪੰਚ ਹਰਭਜਨ ਸਿੰਘ, ਜਿਸ ਨੇ ਜਲਘਰ ਚਾਲੂ ਕਰਾਉਣ ਦੀ ਮੰਗ ਨੂੰ ਲੈ ਕੇ ਆਪਣੀ ਦਾੜ੍ਹੀ ਦੇ ਕੇਸ ਕੱਟ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਟੰਗ ਦਿੱਤੇ ਸਨ, ਨੇ ਅਕਾਲ ਤਖ਼ਤ ਦੇ ਜਥੇਦਾਰ ਅੱਗੇ ਪੇਸ਼ ਹੋ ਕੇ ਸਿੱਖ ਜਗਤ ਕੋਲੋਂ ਮੁਆਫ਼ੀ ਮੰਗੀ। ਉਂਜ ਮੁਆਫ਼ੀ ਦੇਣ ਸਬੰਧੀ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।
ਸਰਪੰਚ ਹਰਭਜਨ ਸਿੰਘ ਨੇ 19 ਮਈ ਨੂੰ ਮੋਗਾ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਦਫ਼ਤਰ ਬਾਹਰ ਆਪਣੀ ਦਾੜ੍ਹੀ ਦੇ ਕੇਸ ਕੱਟ ਕੇ ਟੰਗ ਦਿੱਤੇ ਸਨ। ਉਸ ਦੀ ਮੰਗ ਸੀ ਕਿ ਪਿੰਡ ਦੇ ਜਲਘਰ ਨੂੰ ਚਾਲੂ ਕੀਤਾ ਜਾਵੇ। ਇਹ ਵਿਅਕਤੀ ਆਪਣੇ ਕੁਝ ਸਾਥੀਆਂ ਸਮੇਤ ਅਕਾਲ ਤਖ਼ਤ ਦੇ ਸਕੱਤਰੇਤ ਪੁੱਜਾ, ਜਿੱਥੇ ਉਸ ਨੇ ਇਕ ਪੱਤਰ ਸੌਂਪ ਕੇ ਆਪਣੇ ਇਸ ਕਾਰੇ ਲਈ ਸਿੱਖ ਜਗਤ ਕੋਲੋਂ ਮੁਆਫੀ ਮੰਗੀ। ਉਸ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਘਰ ਚਾਲੂ ਕਰਨ ਬਾਰੇ ਕੋਈ ਸੁਣਵਾਈ ਨਾ ਕੀਤੇ ਜਾਣ ਕਰ ਕੇ ਉਹ ਨਿਰਾਸ਼ ਸੀ ਅਤੇ ਉਸ ਨੇ ਆਪਣੀ ਹੱਤਕ ਮਹਿਸੂਸ ਕੀਤੀ। ਇਸੇ ਭਾਵੁਕਤਾ ਵਿੱਚ ਹੀ ਉਸ ਨੇ 19 ਮਈ ਨੂੰ ਆਪਣੀ ਦਾੜ੍ਹੀ ਦੇ ਕੇਸ ਕੱਟ ਦਿੱਤੇ। ਉਸ ਨੇ ਮੰਨਿਆ ਕਿ ਉਸ ਦੀ ਇਸ ਕਾਰਵਾਈ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਸ ਨੇ ਆਪਣੀ ਗ਼ਲਤੀ ਮੰਨਦਿਆਂ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਮੁਆਫੀ ਮੰਗੀ ਹੈ।
ਇਸ ਦੌਰਾਨ ਅਕਾਲ ਤਖ਼ਤ ਦੇ ਸਕੱਤਰੇਤ ਨੇ ਸਰਪੰਚ ਨੂੰ ਆਖਿਆ ਹੈ ਕਿ ਉਸ ਦਾ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਿਆ ਜਾਵੇਗਾ ਅਤੇ ਉਸ ਮਗਰੋਂ ਹੀ ਕੋਈ ਅਗਲੀ ਕਾਰਵਾਈ ਹੋਵੇਗੀ।