ਪਿੰਡ ਧੰਦੀਵਾਲ ਵਿੱਚ ਦਿਹਾੜੀ ਵਧਾਉਣ ਦੀ ਮੰਗ ਕਰ ਰਹੇ ਦਲਿਤਾਂ ਦਾ ਬਾਈਕਾਟ

0
265

dalit-pariwar
ਕੈਪਸ਼ਨ-ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਧੰਦੀਵਾਲ ਦੇ ਦਲਿਤ ਪਰਿਵਾਰ।
ਸੰਗਰੂਰ/ਬਿਊਰੋ ਨਿਊਜ਼ :
ਧੂਰੀ ਅਧੀਨ ਪੈਂਦੇ ਪਿੰਡ ਧੰਦੀਵਾਲ ਵਿੱਚ ਕਥਿਤ ਤੌਰ ‘ਤੇ ਦਲਿਤਾਂ ਦਾ ਬਾਈਕਾਟ ਕੀਤਾ ਗਿਆ ਹੈ। ਧੰਦੀਵਾਲ ਦੇ ਦਲਿਤ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਬਾਈਕਾਟ ਦਾ ਐਲਾਨ ਪਿੰਡ ਵਿੱਚ ਅਨਾਊਂਸਮੈਂਟ ਕਰ ਕੇ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖੇਤਾਂ ਵਿੱਚ ਵੜਨ ਤੋਂ ਰੋਕ ਦਿੱਤਾ ਗਿਆ ਹੈ। ਦਲਿਤ ਪਰਿਵਾਰਾਂ ਨੇ ਰੋਸ ਜਤਾਇਆ ਕਿ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅਜੇ ਤੱਕ ਨਾ ਕੋਈ ਸਮਝੌਤਾ ਹੋਇਆ ਹੈ ਅਤੇ ਨਾ ਹੀ ਬਾਈਕਾਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਈ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 7 ਅਗਸਤ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਬੁਲਾ ਲਈ ਹੈ।
ਇੱਥੇ ਗਦਰ ਮੈਮੋਰੀਅਲ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪਿੰਡ ਧੰਦੀਵਾਲ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਹੰਸ ਰਾਜ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਨੈਬ ਸਿੰਘ, ਬਿੰਦਰ ਸਿੰਘ, ਰਣਜੀਤ ਕੌਰ ਪੰਚ, ਜਸਵੀਰ ਕੌਰ, ਹਰਪਾਲ ਕੌਰ, ਜਸਵੰਤ ਕੌਰ, ਸੁਖਵਿੰਦਰ ਕੌਰ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪ੍ਰਿਥੀ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਿੰਡ ਦੇ ਖੇਤਾਂ ਵਿੱਚ 12 ਘੰਟੇ ਕੰਮ ਕਰਨ ਦੀ ਦਿਹਾੜੀ ਪੁਰਸ਼ਾਂ ਲਈ 250 ਰੁਪਏ ਤੇ ਔਰਤਾਂ ਲਈ 220 ਰੁਪਏ ਸੀ ਪਰ ਮਹਿੰਗਾਈ ਵਧਣ ਕਾਰਨ ਜਦੋਂ ਮਜ਼ਦੂਰਾਂ ਨੇ ਦਿਹਾੜੀ 300 ਰੁਪਏ ਕਰਨ ਦੀ ਮੰਗ ਕੀਤੀ ਤਾਂ ਪਿੰਡ ਦੇ ਜ਼ਿਮੀਂਦਾਰਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਦਲਿਤ ਪਰਿਵਾਰਾਂ ਨੇ ਦਾਅਵਾ ਕੀਤਾ ਕਿ  19 ਅਤੇ 20 ਜੁਲਾਈ ਨੂੰ ਉਨ੍ਹਾਂ ਦੇ ਬਾਈਕਾਟ ਦੀ ਅਨਾਊਂਸਮੈਂਟ ਕਰਵਾ ਦਿੱਤੀ ਗਈ।
ਦਲਿਤ ਪਰਿਵਾਰਾਂ ਅਨੁਸਾਰ ਬਾਈਕਾਟ ਦੇ ਐਲਾਨ ਤੋਂ ਬਾਅਦ ਪਿੰਡ ਵਿੱਚ ਉਨ੍ਹਾਂ ਨੂੰ ਦੁਕਾਨ ਵਾਲਿਆਂ ਨੇ ਰਾਸ਼ਨ ਤੱਕ ਦੇਣਾ ਬੰਦ ਕਰ ਦਿੱਤਾ। ਉਨ੍ਹਾਂ ਦਾ ਖੇਤਾਂ ਵਿੱਚ ਵੜਨਾ ਵੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਈਕਾਟ ਤੋਂ ਅਗਲੇ ਦਿਨ 21 ਜੁਲਾਈ ਨੂੰ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਐਸਡੀਐਮ ਧੂਰੀ ਨੂੰ ਲਿਖ ਕੇ ਦਿੱਤਾ ਗਿਆ। ਕਰੀਬ 13 ਦਿਨਾਂ ਬਾਅਦ ਐਸਡੀਐਮ ਧੂਰੀ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਪਰ ਕੋਈ ਹੱਲ ਨਹੀਂ ਹੋਇਆ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਅਜੇ ਹੱਲ ਨਹੀਂ ਹੋਇਆ। ਐਸਡੀਐਮ ਧੂਰੀ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ, ਪਰ ਫ਼ੈਸਲਾ ਨਹੀਂ ਹੋ ਸਕਿਆ। ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਦਿਹਾੜੀ ਨੂੰ ਲੈ ਕੇ ਵਿਵਾਦ ਹੈ, ਜਿਸ ਨੂੰ ਸੁਲਝਾਉਣ ਲਈ ਦੋਵਾਂ ਧਿਰਾਂ ਨਾਲ ਗੱਲਬਾਤ ਜਾਰੀ ਹੈ। ਐਸਡੀਐਮ ਧੂਰੀ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਮਸਲਾ ਹੱਲ ਹੋ ਜਾਵੇਗਾ।