ਸਿਟੀ ਸੈਂਟਰ ਕੇਸ ਵਿਚੋਂ ਕੈਪਟਨ ਅਮਰਿੰਦਰ ਬਰੀ

0
91

city-centre-amrinder-singh
ਮੋਹਾਲੀ/ਬਿਊਰੋ ਨਿਊਜ਼ :

ਸੰਨ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਮਰਿੰਦਰ ਸਰਕਾਰ ਦੀ ਬਲੀ ਲੈਣ ਵਾਲੇ ਬਹੁਚਰਚਿਤ ਸਿਟੀ ਸੈਂਟਰ ਘੁਟਾਲੇ ਦੇ ਕੇਸ ਦਾ ਪਰਦਾ ਫਿਲਹਾਲ ਡਿੱਗ ਗਿਆ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੋਹਾਲੀ ਅਦਾਲਤ ਨੇ ਇਸ ਕੇਸ ਵਿਚੋਂ ਬਾ- ਇੱਜ਼ਤ ਬਰੀ ਕਰ ਦਿੱਤਾ। ਯਾਦ ਰਹੇ ਕਿ ਅਕਾਲੀ ਸਰਕਾਰ ਵੇਲੇ ਉਜਾਗਰ ਹੋਏ ਇਸ ਘਪਲੇ ਵਿਚ ਕੈਪਟਨ ਸਮੇਤ ਤਿੰਨ ਸਾਬਕਾ ਮੰਤਰੀਆਂ ਚੌਧਰੀ ਜਗਜੀਤ ਸਿੰਘ, ਰਘੂਨਾਥ ਸਹਾਏ ਅਤੇ ਕੇਵਲ ਕ੍ਰਿਸ਼ਨ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ।
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਦੇ ਮਾਮਲੇ ‘ਚ ਮੋਹਾਲੀ ਦੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਕੈਪਟਨ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੋਹਾਲੀ ਦੀ ਅਦਾਲਤ ‘ਚ ਪੇਸ਼ ਹੋਏ ਸਨ। ਦੱਸ ਦਈਏ ਕਿ ਇਸ ਮਾਮਲੇ ‘ਚ ਨਾਮਜ਼ਦ ਤਿੰਨ ਸਾਬਕਾ ਮੰਤਰੀਆਂ ਚੌਧਰੀ ਜਗਜੀਤ ਸਿੰਘ, ਰਘੁਨਾਥ ਸਹਾਏਪੁਰੀ ਅਤੇ ਕੇਵਲ ਕ੍ਰਿਸ਼ਨ ਦੀ ਮੌਤ ਹੋ ਚੁੱਕੀ ਹੈ।
ਐਸਏਐਸ. ਨਗਰ ਅਦਾਲਤ ‘ਚੋਂ ਬਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਸੀ। ਕੈਪਟਨ ਨੇ ਕਿਹਾ ਕਿ ਬੇਸ਼ੱਕ ਇਸ ਮਾਮਲੇ ‘ਚ ਉਹ ਬਰੀ ਹੋ ਗਏ ਹਨ ਪਰ ਇੰਨੇ ਸਾਲ ਸਰਕਾਰ ਦਾ ਪੈਸਾ ਖ਼ਰਾਬ ਹੀ ਹੋਇਆ ਹੈ। ਵਿਜੀਲੈਂਸ ਵੱਲੋਂ ਦਰਜ ਇਸ ਮਾਮਲੇ ‘ਚ ਪੰਜ ਸੌ ਦੇ ਕਰੀਬ ਪੇਸ਼ੀਆਂ ਪੈ ਚੁੱਕੀਆਂ ਹਨ, ਜਿਸ ਕਾਰਨ ਕਾਫੀ ਸਮਾਂ ਖਰਾਬ ਹੋਇਆ ਹੈ।