ਚੰਡੀਗੜ੍ਹ ਹਵਾਈ ਅੱਡੇ ਤੋਂ ਬੈਂਕਾਕ ਲਈ ਕੌਮਾਂਤਰੀ ਉਡਾਣ 11 ਤੋਂ

0
265

download

ਚੰਡੀਗੜ/ਬਿਊਰੋ ਨਿਊਜ਼:
ਚੰਡੀਗੜ੍ਹ ਹਵਾਈ ਅੱਡੇ ਤੋਂ ਬੈਂਕਾਕ ਲਈ ਉਡਾਣ 11 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਇਸ ਹਵਾਈ ਅੱਡੇ ਤੋਂ ਤੀਜੀ ਕੌਮਾਂਤਰੀ ਉਡਾਣ ਹੋਵੇਗੀ, ਜੋ ਹਫਤੇ ਵਿੱਚ ਤਿੰਨ ਵਾਰ ਚੱਲਿਆ ਕਰੇਗੀ। ਇਸ ਤੋਂ ਪਹਿਲਾਂ ਦੁਬਈ ਅਤੇ ਸ਼ਾਰਜਾਹ ਲਈ ਉਡਾਣਾਂ ਚੱਲ ਰਹੀਆਂ ਹਨ। ਏਅਰ ਇੰਡੀਆ ਦੀ ਇਸ ਫਲਾਈਟ ਦਾ ਆਉਣ-ਜਾਣ ਦਾ ਕਿਰਾਇਆ 17 ਹਜ਼ਾਰ ਰੁਪਏ ਰੱਖਿਆ ਗਿਆ ਹੈ, ਜਿਸ ਸਦਕਾ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪਹਿਲੀ ਉਡਾਣ ਦੀਆਂ 50 ਦੇ ਕਰੀਬ ਟਿਕਟਾਂ ਵਿੱਕ ਗਈਆਂ ਹਨ।
ਏਅਰ ਇੰਡੀਆ ਵਲੋਂ ਸ਼ੁਰੂ ਕੀਤੀ ਜਾ ਰਹੀ ਇਹ ਦੂਜੀ ਫਲਾਈਟ ਹੈ। ਪਿਛਲੇ ਸਤੰਬਰ ਵਿੱਚ ਸ਼ਾਰਜਾਹ ਲਈ ਪਹਿਲੀ ਕੌਮਾਂਤਰੀ ਉਡਾਣ ਸ਼ੁਰੂ ਕੀਤੀ ਗਈ ਸੀ। ਉਸੇ ਮਹੀਨੇ ਇੰਡੀਗੋ ਨੇ ਦੁਬਈ ਲਈ ਉਡਾਣ ਸ਼ੁਰੂ ਕੀਤੀ ਸੀ। ਬੈਂਕਾਕ ਲਈ ਜਹਾਜ਼ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਨੂੰ ਉਡਿਆ ਕਰੇਗਾ। ਚੰਡੀਗੜ੍ਹ ਤੋਂ ਬੈਂਕਾਕ ਜਾਣ ਲਈ ਪੌਣੇ ਪੰਜ ਘੰਟੇ ਅਤੇ ਬੈਂਕਾਕ ਤੋਂ ਚੰਡੀਗੜ੍ਹ ਲਈ ਪੰਜ ਘੰਟੇ ਦਸ ਮਿੰਟ ਲੱਗਿਆ ਕਰਨਗੇ।  ਚੰਡੀਗੜ੍ਹ ਤੋਂ ਉਡਾਣ ਦੁਪਹਿਰ 2.00 ਵਜੇ ਚੱਲ ਕੇ ਰਾਤ ਨੂੰ 8.15 ਵਜੇ ਆਪਣੀ ਮੰਜ਼ਲ ‘ਤੇ ਪੁੱਜਿਆ ਕਰੇਗੀ। ਬੈਂਕਾਕ ਤੋਂ ਜਾਹਜ਼  ਸਵੇਰੇ 5.40 ਵਜੇ ਉਡਾਣ ਭਰ ਕੇ ਇਥੇ ਸਵੇਰੇ 9.20 ਵਜੇ ਪੁੱਜਿਆ ਕਰੇਗਾ। ਜਹਾਜ਼ 162 ਸੀਟਾਂ ਵਾਲਾ ਹੋਵੇਗਾ।
ਇਸ ਵੇਲੇ ਕੌਮਾਂਤਰੀ ਹਵਾਈ ਅੱਡੇ ਤੋਂ ਰੋਜ਼ਾਨਾ 27 ਉਡਾਣਾਂ ਚੱਲ ਰਹੀਆਂ ਹਨ ਤੇ 11 ਦਸੰਬਰ ਤੋਂ ਉਡਾਣਾਂ ਦੀ ਗਿਣਤੀ 28 ਹੋ ਜਾਵੇਗੀ। ਇਸ ਵੇਲੇ ਦੋ ਕੌਮਾਂਤਰੀ ਉਡਾਣਾਂ ਦੁਬਈ ਅਤੇ ਸ਼ਾਰਜਾਹ ਤੋਂ ਇਲਾਵਾ ਘਰੇਲੂ ਤੌਰ ‘ਤੇ ਇਥੇ ਮੁੰਬਈ, ਦਿੱਲੀ, ਬੰਗਲੌਰ, ਜੈਪੁਰ, ਜੰਮੂ, ਸ੍ਰੀਨਗਰ ਅਤੇ ਲੇਹ ਆਦਿ ਲਈ ਹਵਾਈ ਸੇਵਾ ਜਾਰੀ ਹੈ, ਜਿਨ੍ਹਾਂ ਦਾ ਸਮਾਂ ਸਮਾਂ ਸਿਰਫ਼ ਸਵੇਰੇ ਪੌਣੇ ਅੱਠ ਤੋਂ ਸ਼ਾਮ ਪੌਣੇ ਚਾਰ ਵਜੇ ਤੱਕ ਹੈ। ਐਤਵਾਰ ਨੂੰ ਹਵਾਈ ਅੱਡਾ ਪੂਰਾ ਦਿਨ ਬੰਦ ਰਹਿੰਦਾ ਹੈ। ਹਵਾਈ ਅੱਡੇ ਦੇ ਰਨਵੇਅ ਦੇ ਵਿਸਤਾਰ ਦਾ ਕੰਮ ਚੱਲ ਰਿਹਾ ਹੈ, ਜੋ ਆਗਾਮੀ ਮਾਰਚ ਤੱਕ ਪੂਰਾ ਹੋ ਜਾਵੇਗਾ।
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਨੂੰ ਬੈਂਕਾਕ ਜਾਣ ਵਾਸਤੇ ਦਿੱਲੀ ਤੋਂ ਜਹਾਜ਼ ਲੈਣਾ ਪੈਂਦਾ ਸੀ। ਦਿੱਲੀ ਤੋਂ ਫਲਾਈਟ ਲੈਣ ਲਈ ਸੜਕ ਰਾਹੀਂ ਸੱਤ ਘੰਟੇ ਲੱਗ ਜਾਂਦੇ ਸਨ। ਚੰਡੀਗੜ੍ਹ ਤੋਂ ਦਿੱਲੀ ਤਕ ਹਵਾਈ ਰਸਤੇ ਜਾ ਕੇ ਉਥੋਂ ਅੱਗੇ ਜਹਾਜ਼ ਲੈਣ ਲਈ ਵੀ ਛੇ-ਸੱਤ ਘੰਟੇ ਲੱਗ ਜਾਂਦੇ ਸਨ। ਸਿੱਧੀ ਉਡਾਣ ਸ਼ੁਰੂ ਹੋਣ ਨਾਲ ਸ਼ਹਿਰ ‘ਚ ਵਪਾਰ-ਕਾਰੋਬਾਰ ਵੀ ਵਧੇਗਾ। ਹਵਾਈ ਅੱਡੇ ਦੇ ਸੀਈਓ ਸੁਨੀਲ ਦੱਤ ਨੇ ਕਿਹਾ ਹੈ ਕਿ ਰਨਵੇਅ ਦੇ ਵਿਸਤਾਰ ਦਾ ਕੰਮ ਮਾਰਚ ਤਕ ਪੂਰਾ ਹੋ ਜਾਵੇਗਾ। ਉਸ ਤੋਂ ਬਾਅਦ ਵਿਦੇਸ਼ ਲਈ ਹੋਰ ਉਡਾਣਾਂ ਵੀ ਸ਼ੁਰੂ ਹੋਣਗੀਆਂ।