ਚੰਡੀਗੜ੍ਹ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਲਈ ਵਿੱਢੇ ਸੰਘਰਸ਼ ਵਿਚ ਬੱਚੇ ਵੀ ਹੋਏ ਸ਼ਾਮਲ

0
291

chandigarh-school-ch-punjabi
ਕੈਪਸ਼ਨ-ਪਿੰਡ ਧਨਾਸ ਵਿੱਚ ਤਰਨਜੋਤ ਸਿੰਘ ਤੇ ਜਸਬੀਰ ਸਿੰਘ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਚਿੱਠੀਆਂ ਲਿਖਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਨਿਰਧਾਰਿਤ ਕਰਵਾਉਣ ਲਈ ਵਿੱਢੇ ਸੰਘਰਸ਼ ਵਿਚ ਸਕੂਲੀ ਬੱਚੇ ਵੀ ਸ਼ਾਮਲ ਹੋ ਗਏ ਹਨ। ਮੰਚ ਦੇ ਸੱਦੇ ‘ਤੇ ਪੇਂਡੂ ਸੰਘਰਸ਼ ਕਮੇਟੀ ਵਲੋਂ ਪਿੰਡ ਧਨਾਸ ਦੇ ਗੁਰਦੁਆਰੇ ਵਿੱਚ ਇਕੱਠ ਦੇ ਪਹਿਲੇ ਪੜਾਅ ਦੌਰਾਨ ਪੰਜਾਬੀ ਹਿਤੈਸ਼ੀਆਂ ਵਲੋਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਸਮੂਹਕ ਚਿੱਠੀਆਂ ਲਿਖਣ ਦੀ ਮੁਹਿੰਮ ਚਲਾਈ ਗਈ।
ਇਸ ਦੌਰਾਨ 11 ਸਾਲ ਦਾ ਪੰਜਵੀਂ ਜਮਾਤ ਵਿਚ ਪੜ੍ਹਦਾ ਤਰਨਜੋਤ ਸਿੰਘ ਵੀ ਬੜੀ ਨੀਝ ਨਾਲ ਰਾਜਪਾਲ ਨੂੰ ਚਿੱਠੀ ਲਿਖ ਰਿਹਾ ਸੀ। ਉਸ ਨੇ ਸ੍ਰੀ ਬਦਨੌਰ ਨੂੰ ਸੰਬੋਧਨ ਹੁੰਦਿਆਂ ਲਿਖਆ, ‘ਮੈਂ ਆਪ ਜੀ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਜ਼ਿਸ਼ ਤਹਿਤ ਮਾਂ ਬੋਲੀ ਪੰਜਾਬੀ ਨੂੰ ਪਿੱਛੇ ਧੱਕ ਕੇ ਲੋਕਾਂ ‘ਤੇ ਅੰਗਰੇਜ਼ੀ ਥੋਪ ਦਿੱਤੀ ਹੈ, ਜਦਕਿ ਭਾਰਤੀ ਸੰਵਿਧਾਨ ਵਿਚਲੀਆਂ 22 ਖੇਤਰੀ ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਤਾਂ ਸ਼ਾਮਲ ਹੈ ਪਰ ਇਨ੍ਹਾਂ ਵਿਚ ਅੰਗਰੇਜ਼ੀ ਦਾ ਨਾਮ ਨਿਸ਼ਾਨ ਨਹੀਂ ਹੈ। ਇਸ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਵਿਚ ਅੰਗਰੇਜ਼ੀ ਦਾ ਗਲਬਾ ਕਾਇਮ ਹੈ। ਇਸ ਕਾਰਨ ਉਹ 1 ਨਵੰਬਰ 2017 ਨੂੰ ਪੰਜਾਬ ਦਿਵਸ ਮੌਕੇ ਆਪ ਜੀ ਕੋਲ ਫਰਿਆਦ ਲੈ ਕੇ ਆਵੇਗਾ।’ ਦੱਸਣਯੋਗ ਹੈ ਕਿ ਮੰਚ ਨੇ 1 ਨਵੰਬਰ ਨੂੰ ਪੰਜਾਬ ਰਾਜ ਭਵਨ ਵੱਲ ਮਾਰਚ ਕਰਕੇ ਸਮੂਹਕ ਗ੍ਰਿਫਤਾਰੀਆਂ ਦੇਣ ਦਾ ਐਲਾਨ ਕੀਤਾ ਹੈ। ਤਰਨਜੋਤ ਨੇ ਦੱਸਿਆ ਕਿ ਉਹ ਵੱਡੇ ਸਾਹਬ ਨੂੰ ਪੱਤਰ ਲਿਖ ਕੇ ਪੰਜਾਬੀ ਬੋਲੀ ਲਾਗੂ ਕਰਨ ਲਈ ਕਹਿ ਰਹੇ ਹਨ। ਉਸ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਵਿਚ ਅੰਗਰੇਜ਼ੀ ਲਾਗੂ ਹੈ ਅਤੇ ਸਕੂਲਾਂ ਵਿਚ ਹਫ਼ਤੇ ਵਿਚ ਪੰਜਾਬੀ ਦੇ ਕੇਵਲ ਦੋ ਪੀਰੀਅਡ ਹੀ ਪੜ੍ਹਾਏ ਜਾਂਦੇ ਹਨ। ਹੁਣ ਇਸ ਮਾਹੌਲ ਵਿਚ ਸਕੂਲਾਂ ਵਿਚ ਪੰਜਾਬੀ ਪੜ੍ਹਨ ਵਾਲੇ ਬੱਚੇ ਵੀ ਟਾਵੇਂ ਹੀ ਰਹਿ ਗਏ ਹਨ। ਇਸੇ ਤਰ੍ਹਾਂ ਰਾਜਪਾਲ ਨੂੰ ਪੱਤਰ ਲਿਖ ਰਹੇ 9ਵੀਂ ਜਮਾਤ ਦੇ 13 ਸਾਲਾ ਵਿਦਿਆਰਥੀ ਜਸਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਵੱਡੇ ਸਾਹਬ ਨੂੰ ਪੱਤਰ ਲਿਖ ਰਿਹਾ ਹੈ।
ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ ਸਮੂਹ ਪਿੰਡਾਂ ਅਤੇ ਹੋਰਨਾਂ ਥਾਵਾਂ ‘ਤੇ ਇਕੱਠ ਕਰਕੇ ਜਿਥੇ ਰਾਜਪਾਲ ਨੂੰ ਪੱਤਰ ਲਿਖੇ ਜਾ ਰਹੇ ਹਨ ਉਥੇ 1 ਨਵੰਬਰ ਨੂੰ ਗ੍ਰਿਫ਼ਤਾਰੀਆਂ ਦੇਣ ਲਈ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਇਹ ਸੰਘਰਸ਼ ਹੁਣ ਪੰਜਾਬ ਤਕ ਫੈਲ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਜਗਜੀਤ ਸਿੰੰਘ ਕੰਗ (ਗੋਰਾ ਕੰਗ) ਅਤੇ ਜਨਰਲ ਸਕੱਤਰ ਅਮਰਿੰਦਰ ਸਿੰਘ ਨੇ ਸਮੂਹ ਪੰਜਾਬੀਆਂ ਨੂੰ ਆਪਣੇ ਘਰ ਤੋਂ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਅਪੀਲ ਕਰਦਿਆਂ ਐਲਾਨ ਕੀਤਾ ਕਿ ਅਕਾਲੀ ਦਲ ਇਸ ਸੰਘਰਸ਼ ਵਿਚ ਹੁੰਮ-ਹੁੰਮਾ ਕੇ ਸ਼ਾਮਲ ਹੋਵੇਗਾ। ਇਸ ਮੌਕੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਪਿੰਡ ਧਨਾਸ ਦੇ ਸਰਪੰਚ ਕੁਲਜੀਤ ਸਿੰਘ ਸੰਧੂ, ਸਮੂਹ ਗੁਰਦੁਆਰਾ ਸੰਗਠਨ ਚੰਡੀਗੜ੍ਹ ਦੇ ਚੇਅਰਮੈਨ ਕੈਪਟਨ ਅਜਾਇਬ ਸਿੰਘ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ ਤੇ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਸੁਖਜੀਤ ਸਿੰਘ ਹੱਲੋਮਾਜਰਾ, ਗੁਰਪ੍ਰੀਤ ਸੋਮਲ, ਦੀਪਕ ਸ਼ਰਮਾ, ਪ੍ਰਿੰਸੀਪਲ ਬਹਾਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਿਚ ਸਰਕਾਰੀ ਭਾਸ਼ਾ ਪੰਜਾਬੀ ਲਾਗੂ ਕਰਵਾਉਣ ਲਈ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਸੈਕਟਰ-17 ਵਿੱਚ ਰੈਲੀ ਕਰਨ ਉਪਰੰਤ ਪੰਜਾਬ ਰਾਜ ਭਵਨ ਵੱਲ ਰੋਸ ਮਾਰਚ ਕਰਕੇ ਸਮੂਹਕ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।