ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੈਣੀ ਸਾਹਿਬ ਪੁੱਜ ਕੇ ਨਾਮਧਾਰੀ ਸੰਪਰਦਾ ਦੇ ਮੁੱਖੀ ਨਾਲ ਬੰਦ ਕਮਰੇ ‘ਚ ਕੀਤੀ ਗੱਲਬਾਤ

0
32

pic-captain-at-namdhari-dera
ਭੈਣੀ ਸਾਹਿਬ ਵਿਖੇ ਸਤਿਗੁਰੂ ਉਦੈ ਸਿੰਘ ਨਾਲ ਬੰਦ ਕਮਰਾ ਮੀਟਿੰਗ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।
ਮਾਛੀਵਾੜਾ/ਬਿਊਰੋ ਨਿਊਜ਼:

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਸੰਭਾਲਣ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਭੈਣੀ ਸਾਹਿਬ ਵਿਖੇ ਪੁੱਜੇ ਤੇ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਅਦ ਦੁਪਹਿਰ ਭੈਣੀ ਸਾਹਿਬ ਪੁੱਜੇ ਤੇ ਕਰੀਬ ਇੱਕ ਘੰਟਾ ਉਥੇ ਰਹੇ। ਮੀਟਿੰਗ ਵਿੱਚ ਮੁੱਖ ਮੰਤਰੀ ਨਾਲ ਸਤਿਗੁਰੂ ਉਦੈ ਸਿੰਘ, ਐੱਚ.ਐੱਸ. ਹੰਸਪਾਲ ਤੇ ਸੰਤ ਜਗਤਾਰ ਸਿੰਘ ਮੌਜੂਦ ਰਹੇ, ਜਦੋਂਕਿ ਕਾਂਗਰਸੀ ਵਿਧਾਇਕਾਂ ਅਤੇ ਪ੍ਰਮੁੱਖ ਆਗੂਆਂ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ। ਇਸ ਦੌਰਾਨ ਮੀਡੀਆ ਤੋਂ ਵੀ ਦੂਰੀ ਬਣਾਈ ਗਈ। ਮੀਟਿੰਗ ਦੇ ਪੂਰੇ ਵੇਰਵੇ ਤਾਂ ਪ੍ਰਾਪਤ ਨਹੀਂ ਹੋਏ, ਪਰ ਸੂਤਰਾਂ ਅਨੁਸਾਰ ਪੰਜਾਬ ਪੁਲੀਸ ਮਾਤਾ ਚੰਦ ਕੌਰ ਦੇ ਕਾਤਲਾਂ ਨੇੜੇ ਪੁੱਜ ਚੁੱਕੀ ਹੈ ਅਤੇ ਕਿਸੇ ਵੀ ਵੇਲੇ ਇਸ ਮਾਮਲੇ ਵਿੱਚ ਖ਼ੁਲਾਸਾ ਕੀਤਾ ਜਾ ਸਕਦਾ ਹੈ। ਇੱਕ ਹਫ਼ਤਾ ਪਹਿਲਾਂ ਵੀ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਭੈਣੀ ਸਾਹਿਬ ਵਿਖੇ ਆਏ ਸਨ ਤੇ ਸਤਿਗੁਰੂ ਉਦੈ ਸਿੰਘ ਨਾਲ ਮੀਟਿੰਗ ਕੀਤੀ ਸੀ।
ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਮਧਾਰੀ ਸੰਪਰਦਾ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਫ਼ੀ ਨੇੜਤਾ ਹੈ ਤੇ ਉਹ ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਭੈਣੀ ਸਾਹਿਬ ਪੁੱਜੇ ਸਨ। ਮਾਤਾ ਚੰਦ ਕੌਰ ਦੇ ਕਾਤਲਾਂ ਸਬੰਧੀ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਸੀਬੀਆਈ ਦੇ ਨਾਲ-ਨਾਲ ਪੰਜਾਬ ਪੁਲੀਸ ਵੀ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਸ ਕਤਲ ਦੀ ਗੁੱਥੀ ਛੇਤੀ ਸੁਲਝਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਅਤੇ ਵਿੱਤੀ ਹਾਲਾਤ ‘ਤੇ ਵਿਚਾਰ-ਵਟਾਂਦਰਾ ਹੋਇਆ ਹੈ। ਮੁੱਖ ਮੰਤਰੀ ਨੇ ਭੈਣੀ ਸਾਹਿਬ ਵਿਖੇ ਕੌਮਾਂਤਰੀ ਪੱਧਰ ਦੇ ਹਾਕੀ ਸਟੇਡੀਅਮ ਲਈ ਛੇਤੀ ਗ੍ਰਾਂਟ ਭੇਜਣ ਦਾ ਭਰੋਸਾ ਦਿੱਤਾ ਹੈ। ਅੱਜ ਮੁੱਖ ਮੰਤਰੀ ਦੀ ਫੇਰੀ ਮੌਕੇ ਮਾਤਾ ਗੁਰਸ਼ਰਨ ਕੌਰ ਤੋਂ ਇਲਾਵਾ ਨਵਤੇਜ ਸਿੰਘ ਚੀਮਾ, ਸੁਰਿੰਦਰ ਡਾਵਰ, ਰਾਕੇਸ਼ ਪਾਂਡੇ (ਸਾਰੇ ਵਿਧਾਇਕ), ਸਾਬਕਾ ਮੰਤਰੀ ਮਲਕੀਤ ਦਾਖਾ, ਬਲਵਿੰਦਰ ਸਿੰਘ ਝੱਲ, ਸੇਵਕ ਕਰਤਾਰ ਸਿੰਘ, ਆਸਾ ਸਿੰਘ ਮਾਨ, ਰਣਜੀਤ ਸਿੰਘ ਸੰਧੂ, ਸੇਵਕ ਸਤਨਾਮ ਸਿੰਘ, ਸਤਵਿੰਦਰ ਕੌਰ ਬਿੱਟੀ ਤੇ ਗੁਰਦੇਵ ਸਿੰਘ ਲਾਪਰਾਂ ਹਾਜ਼ਰ ਸਨ।