ਵਿਜੀਲੈਂਸ ਵਿਭਾਗ ਨੇ ਕਈ ਬੱਸਾਂ ਦੇ ਚਲਾਨ ਕੱਟੇ ਤੇ ਕਈ ਥਾਣੇ ਡੱਕੀਆਂ

0
459

ਕਈ ਬੱਸਾਂ ਬਾਦਲ ਪਰਿਵਾਰ ਨਾਲ ਸਬੰਧਤ

bus-checking

ਕੈਪਸ਼ਨ- ਵਿਜੀਲੈਂਸ ਵਿਭਾਗ ਦੇ ਅਧਿਕਾਰੀ ਮਾਨਸਾ ਦੇ ਅੱਡੇ ਵਿਚ ਬੱਸਾਂ ਦੇ ਕਾਗਜ਼ਾਤ ਚੈੱਕ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀਆਂ ਸੜਕਾਂ ‘ਤੇ ਨਿਯਮ ਮਿੱਧ ਕੇ ਦੌੜ ਰਹੀਆਂ ਗ਼ੈਰਕਾਨੂੰਨੀ ਬੱਸਾਂ ਖ਼ਿਲਾਫ਼ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਹੁਕਮਾਂ ‘ਤੇ ਵਿਜੀਲੈਂਸ ਬਿਊਰੋ ਨੇ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਪੰਜਾਬ ਭਰ ਵਿੱਚ ਵੱਖ ਵੱਖ ਥਾਈਂ ਨਾਕੇ ਲਗਾ ਕੇ ਸੈਂਕੜੇ ਬੱਸਾਂ ਦੀ ਚੈਕਿੰਗ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕਈ ਬੱਸਾਂ ਦੇ ਚਲਾਨ ਕੱਟੇ ਜਦੋਂ ਕਿ ਕਈ ਥਾਣੇ ਡੱਕ ਦਿੱਤੀਆਂ।
ਵਿਜੀਲੈਂਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ 1715 ਬੱਸਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 454 ਬੱਸਾਂ ਦੇ ਪਰਮਿਟਾਂ, ਰਜਿਸਟਰੇਸ਼ਨਾਂ, ਨੰਬਰ ਪਲੇਟਾਂ, ਟਾਈਮ ਟੇਬਲਾਂ ਵਿੱਚ ਗੰਭੀਰ ਬੇਨਿਯਮੀਆਂ ਪਾਈਆਂ ਗਈਆਂ ਹਨ। ਵਿਜੀਲੈਂਸ ਨੇ ਸਥਾਨਕ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਨੂੰ ਇਨ੍ਹਾਂ ਬੱਸਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਦੀ ਹਦਾਇਤ ਕੀਤੀ ਹੈ। ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬੀਕੇ ਉਪਲ ਅਨੁਸਾਰ 454 ਬੱਸਾਂ ਬਿਨਾਂ ਅਧਿਕਾਰਤ ਰੂਟ ਪਰਮਿਟਾਂ, ਬਿਨਾਂ ਰਜਿਸਟੇਰਸ਼ਨ, ਡਰਾਈਵਰਾਂ ਕੋਲ ਲਾਇਸੈਂਸ ਨਾ ਹੋਣਾ, ਜਾਅਲੀ ਨੰਬਰ ਪਲੇਟਾਂ, ਰੋਡ ਟੈਕਸ ਨਾ ਭਰੇ ਹੋਣ ਵਰਗੀਆਂ ਬੇਨਿਯਮੀਆਂ ਵਾਲੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁੱਝ ਏਸੀ ਰੂਟਾਂ ‘ਤੇ ਗੈਰ ਏਸੀ ਬੱਸਾਂ ਚੱਲ ਰਹੀਆਂ ਸਨ।
ਅੰਮ੍ਰਿਤਸਰ: ਇਥੇ ਜੀਟੀ ਰੋਡ ਵੱਲਾ ਬਾਈਪਾਸ ਚੌਕ ‘ਚ ਬਿਨਾਂ ਪਰਮਿਟ ਤੇ ਹੋਰ ਬੇਨਿਯਮੀਆਂ ਵਾਲੀਆਂ 18 ਬੱਸਾਂ ਦੇ ਚਲਾਨ ਕੱਟੇ ਗਏ ਅਤੇ ਸੱਤ ਬੱਸਾਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ 150 ਦੇ ਬੱਸਾਂ ਦੇ ਕਾਗਜ਼ਾਤ ਤੇ ਪਰਮਿਟ ਚੈੱਕ ਕੀਤੇ ਗਏ।
ਮਾਨਸਾ :ਵਿਜੀਲੈਂਸ ਵਿਭਾਗ ਮਾਨਸਾ ਦੇ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੱਸ ਅੱਡੇ ਤੇ ਮਾਨਸਾ ਕੈਂਚੀਆਂ ਵਿੱਚ ਤਕਰੀਬਨ 50 ਬੱਸਾਂ ਦੀ ਚੈਕਿੰਗ ਕੀਤੀ। ਕਾਗਜ਼ ਪੱਤਰਾਂ ਵਿੱਚ ਘਾਟ ਵਾਲੀਆਂ 6 ਬੱਸਾਂ, ਜਿਨ੍ਹਾਂ ਵਿੱਚ ਲਿੱਬੜਾ, ਔਰਬਿਟ ਤੇ ਮਨਦੀਪ ਬੱਸ ਸ਼ਾਮਲ ਸਨ, ਦੇ ਚਲਾਨ ਕੱਟੇ ਗਏ। ਹਰਗੋਬਿੰਦ ਕੰਪਨੀ ਦੀ ਬੱਸ ਜ਼ਬਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਿਹੜੀਆਂ ਬੱਸਾਂ ਖ਼ਿਲਾਫ਼ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚੋ ਕਈ ਬੱਸਾਂ ਬਾਦਲ ਪਰਿਵਾਰ ਨਾਲ ਸਬੰਧਤ ਹਨ। ਮਾਨਸਾ ਪੁੱਜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਕੋਈ ਵੀ ਬੱਸ ਗੈਰਕਾਨੂੰਨੀ ਢੰਗ ਨਾਲ ਨਹੀਂ ਚੱਲਦੀ ਇਹ ਕਾਰਵਾਈ ਸਿਆਸੀ ਰੰਜ਼ਿਸ਼ ਤਹਿਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਸਕੇ।
ਬਰਨਾਲਾ : ਵਿਜੀਲੈਂਸ ਟੀਮ ਨੇ ਬਰਨਾਲਾ ਬੱਸ ਅੱਡੇ ਨੇੜਲੇ ਚੌਕ ‘ਚ ਨਾਕਾ ਲਗਾ ਕੇ ਤਕਰੀਬਨ 70 ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਚਾਰ ਬੱਸਾਂ (ਇਕ ਲਿਬੜਾ, ਇਕ ਗੁਰਪ੍ਰੀਤ, ਇਕ ਖਨੌਰੀ ਤੇ ਇਕ ਐਸਯੂਐਸ ਹਰਗੋਬਿੰਦ ਬੱਸ) ਨੂੰ ਜ਼ਬਤ ਕਰ ਲਿਆ। ਪੰਜ ਬੱਸਾਂ ਦੇ ਚਲਾਨ ਕੱਟੇ ਗਏ ਹਨ, ਜਿਨ੍ਹਾਂ ‘ਚ ਦੋ ਬੱਸਾਂ ਔਰਬਿਟ ਕੰਪਨੀ, ਇਕ ਦਿਲਪ੍ਰੀਤ, ਇਕ ਹਰਗੋਬਿੰਦ ਅਤੇ ਇਕ ਰਾਜਿੰਦਰਾ ਕੰਪਨੀ ਦੀ ਸੀ। ਮਾਲਵਾ ਬੱਸ ਅਪਰੇਟਰਜ਼ ਯੂਨੀਅਨ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਅਦੇ ਵੱਡੇ ਕਰ ਲਏ ਹਨ ਅਤੇ ਹੁਣ ਲੋਕਾਂ ਦਾ ਧਿਆਨ ਹਟਾਉਣ ਲਈ ਬੱਸ ਮਾਲਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਔਰਬਿਟ ਦੀਆਂ ਬੱਸਾਂ ਨੂੰ 7-7 ਮਿੰਟ ਹਨ ਅਤੇ ਹੋਰਾਂ ਨੂੰ ਸਿਰਫ਼ 1 ਤੋਂ ਡੇਢ ਮਿੰਟ ਹੈ, ਜੋ ਧੱਕਾ ਹੈ।
ਫ਼ਰੀਦਕੋਟ : ਟਰਾਂਸਪੋਰਟ ਵਿਭਾਗ ਦੇ ਆਰਟੀਏ ਸੁਭਾਸ਼ ਖਟਕ ਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਫਰੀਦਕੋਟ-ਕੋਟਕਪੂਰਾ ਰੋਡ ‘ਤੇ ਨਾਕੇ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਤੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੀਆਂ ਤਿੰਨ ਬੱਸਾਂ ਦੀ ਜਾਂਚ ਕੀਤੀ, ਜੋ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਸਨ। ਇਹ ਤਿੰਨੇ ਬੱਸਾਂ ਜ਼ਬਤ ਕਰ ਲਈਆਂ ਹਨ। ਹਰਗੋਬਿੰਦ ਟਰਾਂਸਪੋਰਟ ਕੰਪਨੀ, ਜਿਸ ਦਾ ਮਾਲਕ ਅਕਾਲੀ ਆਗੂ ਯਾਦਵਿੰਦਰ ਸਿੰਘ ਜ਼ੈਲਦਾਰ ਹੈ, ਦੀ ਬੱਸ ਵੀ ਬਿਨਾਂ ਪਰਮਿਟ ਤੋਂ ਚੱਲਦੀ ਫੜੀ ਗਈ ਅਤੇ ਇਹ ਬੱਸ ਵੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ। ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦਾਅਵਾ ਕੀਤਾ ਕਿ ਉਸ ਦੀਆਂ ਬੱਸਾਂ ਦੇ ਕਾਗਜ਼ਾਤ ਮੁਕੰਮਲ ਹਨ।
ਲੁਧਿਆਣਾ : ਟਰਾਂਸਪੋਰਟ ਵਿਭਾਗ ਨੇ ਵਿਜੀਲੈਂਸ ਟੀਮ ਨਾਲ ਮਿਲ ਕੇ ਇਥੇ ਗੈਰਕਾਨੂੰਨੀ ਢੰਗ ਨਾਲ ਚੱਲਣ ਵਾਲੀਆਂ ਚਾਰ ਬੱਸਾਂ ਜ਼ਬਤ ਕੀਤੀਆਂ ਗਈਆਂ ਅਤੇ ਕਾਗਜ਼ਾਂ ਦੀ ਘਾਟ ਕਾਰਨ 17 ਤੋਂ ਵੱਧ ਬੱਸਾਂ (ਸੱਤ ਜੁਝਾਰ, ਚਾਰ ਔਰਬਿਟ, ਦੋ ਮਰਸਡੀਜ਼ (ਇੱਕ ਔਰਬਿਟ, ਇੱਕ ਨਿਊ ਦੀਪ), ਨਿਊ ਫਤਿਹਗੜ੍ਹ, ਕਾਹਲੋਂ ਬੱਸ ਕੰਪਨੀ ਅਤੇ ਦੋ ਹੋਰ ਬੱਸਾਂ) ਦੇ ਚਲਾਨ ਕੱਟੇ ਗਏ। ਇਸ ਦੌਰਾਨ ਸਾਹਮਣੇ ਆਇਆ ਕਿ ਔਰਬਿਟ ਕੰਪਨੀਆਂ ਦੀਆਂ ਕਈ ਅਜਿਹੀਆਂ ਬੱਸਾਂ ਸਨ, ਜਿਨ੍ਹਾਂ ਦੇ ਪਰਮਿਟ ‘ਤੇ 20 ਤੋਂ 50 ਬੱਸਾਂ ਦੇ ਨੰਬਰ ਲਿਖੇ ਹੋਏ ਸਨ। ਬੱਸਾਂ ਵਾਲੇ ਵਿਜੀਲੈਂਸ ਅਧਿਕਾਰੀਆਂ ਨਾਲ ਬਹਿਸਦੇ ਰਹੇ ਕਿ ਇਨ੍ਹਾਂ ਵਿਚੋਂ ਕੋਈ ਵੀ ਬੱਸ ਇਸ ਪਰਮਿਟ ‘ਤੇ ਚੱਲ ਸਕਦੀ ਹੈ।
ਜਲੰਧਰ :ਵਿਜੀਲੈਂਸ ਨੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਇਥੇ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀਆਂ 6 ਬੱਸਾਂ ਸਮੇਤ 18 ਬੱਸਾਂ ਥਾਣਿਆਂ ‘ਚ ਡੱਕੀਆਂ ਹਨ। ਇਨ੍ਹਾਂ ‘ਚੋਂ ਦੋ ਬੱਸਾਂ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੀ ਕਰਤਾਰ ਬੱਸ ਸਰਵਿਸ ਦੀਆਂ ਵੀ ਦੱਸੀਆਂ ਜਾ ਰਹੀਆਂ ਹਨ। ਰਾਮਾਮੰਡੀ ਚੌਕ ਵਿੱਚ ਵਿਜੀਲੈਂਸ ਦੇ ਨਾਕੇ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਪੁਲੀਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਸਲਾਹਕਾਰ ਦੀ ਗੈਰ ਕਾਨੂੰਨੀ ਚੱਲ ਰਹੀ ਬੱਸ ਨੂੰ ਅਣਗੌਲਿਆ ਕਰ ਦਿੱਤਾ ਅਤੇ ਦੂਜੀਆਂ ਬੱਸਾਂ ਵਾਲਿਆਂ ਨੇ ਰੌਲਾ ਪਾ ਦਿੱਤਾ। ਥਾਣੇ ਡੱਕੀਆਂ ਬੱਸਾਂ ਵਿੱਚ ਸ਼੍ਰੋਮਣੀ ਅਕਾਲੀ ਸਰਕਾਰ ਦੌਰਾਨ ਮਾਝੇ ਦੇ ਜਰਨੈਲ ਕਹਾਉਂਦੇ ਆਗੂ ਦੀਆਂ ਵੀ ਦੋ ਬੱਸਾਂ ਸ਼ਾਮਲ ਹਨ। ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੀਆਂ ਵੀ ਦੋ ਬੱਸਾਂ ਡੱਕੀਆਂ ਗਈਆਂ ਹਨ। ਤਿੰਨ ਬੱਸਾਂ ਗਰੇਵਾਲ ਹਾਈਵੇਅ ਬੱਸ ਸਰਵਿਸ ਅਤੇ ਦੋ ਸਤਲੁਜ ਬੱਸ ਸਰਵਿਸ ਸਮੇਤ ਕੁੱਲ 18 ਬੱਸਾਂ ਥਾਣੇ ਡੱਕੀਆਂ ਗਈਆਂ ਹਨ। ਜਲੰਧਰ ‘ਚ ਕੁੱਲ 26 ਬੱਸਾਂ ਦੇ ਚਲਾਨ ਕੱਟੇ ਗਏ ਹਨ।
ਬਠਿੰਡਾ : ਬਾਦਲਾਂ ਦੀ ਔਰਬਿਟ ਵਿਜੀਲੈਂਸ ਨੂੰ ਝਕਾਨੀ ਦੇ ਗਈ। ਵਿਜੀਲੈਂਸ ਅਫਸਰ ਚੈਕਿੰਗ ਦੌਰਾਨ ਲੀਕ ਕੁੱਟਦੇ ਰਹੇ ਜਦੋਂ ਕਿ ਦਰਜਨਾਂ ਔਰਬਿਟ ਤੇ ਨਿਊ ਦੀਪ ਬੱਸਾਂ ਸੜਕਾਂ ਤੋਂ ਆਸੇ ਪਾਸੇ ਹੋ ਗਈਆਂ। ਵਿਜੀਲੈਂਸ ਨੇ ਬਠਿੰਡਾ-ਚੰਡੀਗੜ੍ਹ ਚੱਲਦੀ ਔਰਬਿਟ ਦੀ ਕਿਸੇ ਮਰਸਿਡੀਜ਼ ਬੱਸ ਨੂੰ ਹੱਥ ਨਹੀਂ ਪਾਇਆ। ਸੰਗਰੂਰ ‘ਚ ਇੱਕ ਵਿਜੀਲੈਂਸ ਅਫਸਰ ਨੇ ਜਦੋਂ ਔਰਬਿਟ ਦੀ ਮਰਸਿਡੀਜ਼ ਚੈੱਕ ਕੀਤੀ ਤਾਂ ਕਾਗਜ਼ਾਂ ‘ਚ ਕੁਝ ਗੜਬੜ ਨਿਕਲੀ ਪਰ ਫਿਰ ਵੀ ਕੋਈ ਕਾਰਵਾਈ ਨਾ ਕੀਤੀ। ਹਰਗੋਬਿੰਦ ਬੱਸ ਕੰਪਨੀ ਦੀ ਇੱਕ ਮਰਸਿਡੀਜ਼ ਬੱਸ ਜੈਤੋ ‘ਚ ਫੜੀ ਗਈ, ਜੋ ਗਲਤ ਰੂਟ ‘ਤੇ ਚੱਲ ਰਹੀ ਸੀ। ਬਠਿੰਡਾ ਵਿੱਚ ਦੋ ਸਾਧਾਰਨ ਔਰਬਿਟ ਬੱਸਾਂ ਦੇ ਚਲਾਨ ਕੱਟੇ ਗਏ ਹਨ। ਕਰੀਬ 50 ਫੀਸਦ ਮਿੰਨੀ ਬੱਸਾਂ ਵੀ ਗਾਇਬ ਰਹੀਆਂ। ਫਰੀਦਕੋਟ ਤੇ ਬਠਿੰਡਾ ਵਿੱਚ 147 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ‘ਚੋਂ 20 ਬੱਸਾਂ ਫੜੀਆਂ ਗਈਆਂ। ਇਨ੍ਹਾਂ ‘ਚੋਂ 9 ਬੱਸਾਂ ਥਾਣੇ ਡੱਕੀਆਂ ਹਨ। ਵਿਜੀਲੈਂਸ ਨੇ ਕਿਤੇ ਵੀ ਟਾਈਮ-ਟੇਬਲਾਂ ਦੀ ਚੈਕਿੰਗ ਨਹੀਂ ਕੀਤੀ ਜਦੋਂ ਕਿ ਵੱਡੀ ਗੜਬੜ ਸਮਾਂ ਸੂਚੀਆਂ ਵਿੱਚ ਹੈ।