ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ‘ਤੇ ਸਾਰੇ ਸਾਈਨ ਬੋਰਡ ਹੁਣ ਲਿਖੇ ਜਾਣਗੇ ਪੰਜਾਬੀ ਵਿੱਚ

0
467

maan-boli
ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਲੱਗੇ ਸਾਈਨ ਬੋਰਡਾਂ ‘ਤੇ ਕਾਲਖ ਫੇਰਦੇ ਹੋਏ ਨੌਜਵਾਨ।
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ‘ਤੇ ਸਾਰੇ ਸਾਈਨ ਬੋਰਡ ਹੁਣ ਪੰਜਾਬੀ ਵਿੱਚ ਲਿਖੇ ਜਾਣਗੇ। ਪੰਜਾਬ ਸਰਕਾਰ ਨੇ ਇਨ੍ਹਾਂ ਬੋਰਡਾਂ ‘ਤੇ ਮਾਂ ਬੋਲੀ ਵਿੱਚ ਜਾਣਕਾਰੀ ਲਿਖਣ ਦਾ ਫੈਸਲਾ ਕੀਤਾ ਹੈ। ਪੰਜਾਬੀ ਭਾਸ਼ਾ ਪ੍ਰੇਮੀਆਂ ਦੇ ਦਬਾਅ ਮਗਰੋਂ ਲੋਕ ਨਿਰਮਾਣ ਵਿਭਾਗ ਹਰਕਤ ਵਿਚ ਆਇਆ ਅਤੇ ਉਸ ਨੇ ਹੱਥੋਂ ਹੱਥੀਂ ਕੇਂਦਰ ਸਰਕਾਰ ਤੋਂ ਇਸ ਬਾਰੇ ਪ੍ਰਵਾਨਗੀ ਲੈ ਲਈ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਲੱਗੇ ਸਾਈਨ ਬੋਰਡਾਂ ਉਤੇ ਪੰਜਾਬੀ ਨੂੰ ਤੀਜੇ ਨੰਬਰ ‘ਤੇ ਰੱਖਿਆ ਗਿਆ ਸੀ ਜਦੋਂ ਕਿ ਹਿੰਦੀ ਨੂੰ ਪਹਿਲਾ ਅਤੇ ਅੰਗਰੇਜ਼ੀ ਨੂੰ ਦੂਜਾ ਸਥਾਨ ਦਿੱਤਾ ਗਿਆ ਸੀ।
ਮਾਲਵਾ ਯੂਥ ਫੈਡਰੇਸ਼ਨ ਤੇ ਪੰਥਕ ਧਿਰਾਂ ਨੇ ਇਸ ਕੌਮੀ ਮਾਰਗ ‘ਤੇ ਲੱਗੇ ਸਾਈਨ ਬੋਰਡਾਂ ‘ਤੇ ਲਿਖੀ ਹਿੰਦੀ ਤੇ ਅੰਗਰੇਜ਼ੀ ‘ਤੇ ਕਾਲਾ ਪੋਚਾ ਫੇਰ ਦਿੱਤਾ। ਫੈਡਰੇਸ਼ਨ ਦਾ ਸਹਿਯੋਗ ਦਲ ਖਾਲਸਾ ਅਤੇ ਹੋਰ ਧਿਰਾਂ ਨੇ ਦਿੱਤਾ। ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦੇਸ਼ ਨਿਕਾਲਾ ਦੇਣ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਹੈ ਤਾਂ ਜੋ ਮਾਂ ਬੋਲੀ ਨੂੰ ਮਾਣ ਸਨਮਾਨ ਦਿਵਾਇਆ ਜਾ ਸਕੇ। ਇਸ ਬਾਰੇ ਭਿਣਕ ਲੱਗਣ ‘ਤੇ ਪੁਲੀਸ ਨੇ ਕਾਰਵਾਈ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਰੋਕ ਦਿੱਤਾ, ਜਿਸ ਦੇ ਰੋਸ ਵਿਚ ਇਨ੍ਹਾਂ ਆਗੂਆਂ ਨੇ ਪਿੰਡ ਹਰਰਾਏਪੁਰ ਕੋਲ ਸੜਕ ਜਾਮ ਕਰ ਦਿੱਤੀ। ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਕੇਂਦਰ ਦੀ ਹਿੰਦੂਵਾਦੀ ਹਕੂਮਤ ਪੰਜਾਬੀ ਨੂੰ ਮਿਟਾਉਣ ‘ਤੇ ਤੁਲੀ ਹੈ। ਕਾਲਾ ਪੋਚਾ ਫੇਰਨ ਵਾਲਿਆਂ ਦੀ ਰਾਜਵਿੰਦਰ ਰਾਜੀ, ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪਾਰੀ, ਦਲ ਖਾਲਸਾ ਦੇ ਜੀਵਨ ਸਿੰਘ ਗਿੱਲ ਕਲਾਂ, ਸਿੱਖ ਸਟੂਡੈਂਟ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਕੋਟਫੱਤਾ, ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਨੇ ਅਗਵਾਈ ਕੀਤੀ।
ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ (ਕੌਮੀ ਹਾਈਵੇਅ) ਏ.ਕੇ. ਸਿੰਗਲਾ ਨੇ ਦੱਸਿਆ ਕਿ ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ਦੇ ਸਾਰੇ ਸਾਈਨ ਬੋਰਡਾਂ ‘ਤੇ ਪੰਜਾਬੀ ਭਾਸ਼ਾ ਲਿਖੀ ਜਾਵੇਗੀ। ਕੇਂਦਰ ਸਰਕਾਰ ਤੋਂ ਇਸ ਸਬੰਧੀ ਪ੍ਰਵਾਨਗੀ ਲੈ ਲਈ ਹੈ ਅਤੇ 10 ਨਵੰਬਰ ਤਕ ਸ਼ਾਹਰਾਹ ਦੇ ਸਾਰੇ ਬੋਰਡ ਬਦਲ ਦਿੱਤੇ ਜਾਣਗੇ।
ਸਾਈਨ ਬੋਰਡਾਂ ‘ਤੇ ਕਾਲਖ ਫੇਰਨ ਵਾਲੇ ਲੱਖਾ ਸਿਧਾਣਾ, ਦਲ ਖਾਲਸਾ ਦੇ ਹਰਦੀਪ ਮਹਿਰਾਜ ਸਮੇਤ 70-80 ਜਣਿਆਂ ਖ਼ਿਲਾਫ਼ ਬਠਿੰਡਾ ਪੁਲੀਸ ਨੇ ਕੇਸ ਦਰਜ ਕੀਤਾ ਹੈ। ਐਸਪੀ (ਡੀ) ਸਵਰਨ ਖੰਨਾ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਵਿੱਚ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਨੇ ਸਰਕਾਰੀ ਸੰਪਤੀ ਨਾਲ ਛੇੜਛਾੜ ਕੀਤੀ ਹੈ।