ਬੀਰਦਵਿੰਦਰ ਵਲੋਂ ਪਾਠ ਬੁੱਕ ਕਰਾਉਣ ਲਈ ਬੇਨਤੀ

0
320

birdevinder-singh
ਪਾਠ ਬੁੱਕ ਕਰਵਾਉਣ ਲਈ ਭੇਟਾ ਤੇ ਬੇਨਤੀ ਪੱਤਰ ਸੌਂਪਦੇ ਹੋਏ ਬੀਰਦਵਿੰਦਰ ਸਿੰਘ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸੋਮਵਾਰ ਨੂੰ ਵੱਡੀ ਗਿਣਤੀ ਸੰਗਤ ਨਾਲ ਗੁਰਦੁਆਰਾ ਫਤਹਿਗੜ੍ਹ ਸਾਹਿਬ ਪੁੱਜੇ। ਉਨ੍ਹਾਂ ਗੁਰਦੁਆਰੇ ਦੇ ਮੈਨੇਜਰ ਭਾਈ ਜਸਵੀਰ ਸਿੰਘ ਨੂੰ ਗੁਰਦੁਆਰੇ ਵਿੱਚ ਹੋ ਰਹੀ ਸਿੱਖ ਮਰਿਆਦਾ ਦੀ ਕਥਿਤ ਉਲੰਘਣਾ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਇਕ ਬੇਨਤੀ ਪੱਤਰ ਨਾਲ 7100 ਦੀ ਭੇਟਾ ਪੇਸ਼ ਕਰਦਿਆਂ ਮੰਗ ਕੀਤੀ ਕਿ 11 ਪੋਹ 2018 ਨੂੰ ਹੋਣ ਵਾਲੀ ਸ਼ਹੀਦੀ ਸਭਾ ਦੌਰਾਨ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਉਨ੍ਹਾਂ ਵੱਲੋਂ ਦਿੱਤੀ ਭੇਟਾ ਨਾਲ ਅਖੰਡ ਪਾਠ ਦਾ ਪ੍ਰਕਾਸ਼ ਕਰਵਾਇਆ ਜਾਵੇ ਅਤੇ ਇਸ ਦੌਰਾਨ ਹੋਣ ਵਾਲੀ ਅਰਦਾਸ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਨਾਮ ਨਾ ਲੈ ਕੇ ਸਮੁੱਚੇ ਇਲਾਕੇ ਦੀ ਸੰਗਤ ਦੀ ਅਰਦਾਸ ਕੀਤੀ ਜਾਵੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰੇ ਵਿੱਚ ਫੈਲੀਆਂ ਕਥਿਤ ਕੁਰੀਤੀਆਂ ਖ਼ਿਲਾਫ਼ ਗੁਰਦੁਆਰਾ ਸੁਧਾਰ ਲਹਿਰ ਦਾ ਆਗਾਜ਼ ਕੀਤਾ ਜਾਵੇਗਾ। ਉਨ੍ਹਾਂ 14 ਜਨਵਰੀ ਤੱਕ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਅਖੰਡ ਮਾਮਲੇ ਵਿੱਚ ਊਣਤਾਈਆਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਉਹ ਸੰਗਤ ਨਾਲ ਸਲਾਹ ਮਸ਼ਵਰਾ ਕਰ ਕੇ ਗੁਰਦੁਆਰੇ ਦੀ ਮਰਿਆਦਾ ਬਹਾਲ ਕਰਵਾਉਣ ਲਈ ਧਰਮ ਯੁੱਧ ਮੋਰਚਾ ਲਾਉਣਗੇ।
ਮੈਨੇਜਰ ਨੇ ਬੁਕਿੰਗ ਕਰਨੋਂ ਕੀਤੀ ਨਾਂਹ
ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਉਨ੍ਹਾਂ ਕੋਲ ਪਾਠ ਦੀ ਬੁਕਿੰਗ ਕਰਵਾਉਣ ਲਈ ਆਏ ਸਨ, ਪਰ ਉਨ੍ਹਾਂ ਦਾ ਪਾਠ ਬੁੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਹੋਏ ਪਾਠ ਦੇ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ। ਇਸ ਲਈ ਪਾਠ ਲਈ ਬੁਕਿੰਗ ਬੰਦ ਕੀਤੀ ਗਈ ਹੈ।