ਬੀਬੀਆਂ ਨੂੰ ਦਰਬਾਰ ਸਾਹਿਬ ਵਿਚ ਮੁੜ ਕੀਰਤਨ ਕਰਨ ਦਾ ਹੱਕ ਦੇਣ ਦੀ ਕੀਤੀ ਮੰਗ

0
484
Inderjeet Visista dressing th a seminar on "Problems faced by Working women" in Amritsar on Wednesday.photo Sunil kumar
ਕੈਪਸ਼ਨ-ਸੈਮੀਨਾਰ ਨੂੰ ਸੰਬੋਧਨ ਕਰਦੀ ਹੋਈ ਇੰਦਰਜੀਤ ਕੌਰ ਵਸ਼ਿਸ਼ਟ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦਾ ਬਰਾਬਰ ਹੱਕ ਦੇਣ ਦੀ ਮੰਗ ਮੁੜ ਉੱਠੀ ਹੈ। ਇਹ ਮੰਗ ਕੌਮਾਂਤਰੀ ਮਹਿਲਾ ਦਿਵਸ  ਨੂੰ ਸਮਰਪਿਤ ‘ਕੰਮਕਾਜੀ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ’ ਵਿਸ਼ੇ ਉਤੇ ਕਰਵਾਏ ਸੈਮੀਨਾਰ ਦੌਰਾਨ ਉਠੀ। ਬੁਲਾਰਿਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਵੀ ਔਰਤਾਂ ਲਈ 33 ਫ਼ੀਸਦ ਰਾਖਵਾਂਕਰਨ ਯਕੀਨੀ ਬਣਾਉਣ ਅਤੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸੂਬੇ ਵਿੱਚ ਛੁੱਟੀ ਦੀ ਮੰਗ ਕੀਤੀ।
ਇਹ ਸੈਮੀਨਾਰ ਸੀਪੀਆਈ ਨਾਲ ਸਬੰਧਤ ਆਲ ਇੰਡੀਆ ਵਰਕਿੰਗ ਵਿਮੈਨ ਫੋਰਮ ਦੀ ਅੰਮ੍ਰਿਤਸਰ ਇਕਾਈ ਵੱਲੋਂ ਵਿਰਸਾ ਵਿਹਾਰ ਵਿੱਚ ਕਰਵਾਇਆ ਗਿਆ। ਦੱਸਣਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਕਰਨ ਦਾ ਅਧਿਕਾਰ ਦੇਣ ਦਾ ਮੁੱਦਾ ਉਠਾਇਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਨੂੰ ਦਬਾਅ ਦਿੱਤਾ ਸੀ। ਇਸ ਸੈਮੀਨਾਰ ਵਿੱਚ ਫੋਰਮ ਦੀ ਕਨਵੀਨਰ ਬੀਬੀ ਦਸਵਿੰਦਰ ਕੌਰ ਨੇ ਕਿਹਾ ਕਿ ਸਿੱਖ ਧਰਮ ਵਿੱਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਮੰਨਿਆ ਤੇ ਸਤਿਕਾਰਿਆ ਗਿਆ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਅਧਿਕਾਰ ਨਹੀਂ ਦਿੱਤਾ ਗਿਆ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਸਿੱਖ ਧਰਮ ਔਰਤਾਂ ਨੂੰ ਬਰਾਬਰ ਦਾ ਸਤਿਕਾਰ ਦਿੰਦਾ ਹੈ, ਇਸ ਲਈ ਉਨ੍ਹਾਂ ਨੂੰ ਕੀਰਤਨ ਦਾ ਅਧਿਕਾਰ ਵੀ ਮਿਲਣਾ ਚਾਹੀਦਾ ਹੈ। ਬੀਬੀ ਹਰਜਿੰਦਰ ਕੌਰ ਕੰਗ ਨੇ ਕਿਹਾ ਕਿ ਆਪਣੇ ਹੱਕਾਂ ਪ੍ਰਤੀ ਅਜੇ ਵੀ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਪ੍ਰੋਫੈਸਰ ਮਧੂ ਸ਼ਰਮਾ ਨੇ ਕਿਹਾ ਕਿ ਘਰਾਂ ਵਿੱਚ ਵੀ ਪੁਰਸ਼ ਔਰਤ ਨੂੰ ਬਰਾਬਰ ਦੇ ਹੱਕ ਦੇਣ ਤਾਂ ਜੋ ਉਹ ਆਪਣੀ ਵੱਖਰੀ ਹੋਂਦ ਕਾਇਮ ਰੱਖੇ। ਫੋਰਮ ਦੀ ਸਕੱਤਰ ਵਿਜੈ ਲਕਸ਼ਮੀ ਨੇ ਕਿਹਾ ਕਿ ਸਰਕਾਰਾਂ ਨੇ ਔਰਤਾਂ ਦੇ ਹੱਕਾਂ ਲਈ ਬਹੁਤ ਸਾਰੇ ਕਾਨੂੰਨ ਬਣਾਏ ਹੋਏ ਹਨ ਪਰ ਅਮਲੀ ਰੂਪ ਵਿੱਚ ਉਹ ਲਾਗੂ ਨਹੀਂ ਕੀਤੇ ਜਾ ਰਹੇ। ਇੰਦਰਜੀਤ ਕੌਰ ਵਸ਼ਿਸ਼ਟ ਨੇ ਕਿਹਾ ਕਿ ਹਰ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਹੱਕ ਵਿੱਚ ਕਿਹੜੇ ਕਾਨੂੰਨ ਬਣੇ ਹੋਏ ਹਨ। ਉਨ੍ਹਾਂ ਔਰਤਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੀਆਂ ਬੱਚੀਆਂ ਨੂੰ ਜੂਡੋ-ਕਰਾਟੇ ਸਿਖਾਉਣ।
ਬੁਲਾਰਿਆਂ ਨੇ ਕਿਹਾ ਕਿ ਬਦਲੇ ਹਾਲਾਤ ਵਿੱਚ ਕੰਮਕਾਜੀ ਔਰਤਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਚੁੱਕਾ ਹੈ ਅਤੇ ਇਸ ਨਾਲ ਹੀ ਕੰਮਕਾਜੀ ਔਰਤਾਂ ਦੀਆਂ ਸਮੱਸਿਆਵਾਂ ਵੀ ਵਧੀਆਂ ਹਨ, ਜੋ ਧਿਆਨ ਮੰਗਦੀਆਂ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਦਾ ਮੁੱਢਲਾ ਹੱਕ ਬਰਾਬਰ ਕੰੰਮ ਲਈ ਬਰਾਬਰ ਤਨਖ਼ਾਹ ਦਾ ਕਾਨੂੰਨ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਕੰਮ ਵਾਲੀਆਂ ਥਾਵਾਂ ਉਪਰ ਔਰਤਾਂ ਦੀ ਸੁਰੱਖਿਆ ਵੀ ਵੱੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦਾ ਜਿਨਸੀ ਸ਼ੋਸ਼ਣ ਰੋਕਣ ਲਈ ਕਮੇਟੀਆਂ ਅਦਾਰਾ ਪੱਧਰ ਤੱਕ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਰਾਤ ਦੀਆਂ ਡਿਊਟੀਆਂ ਲਈ ਸੁਰੱਖਿਅਤ ਮਾਹੌਲ ਬਣਾਉਣਾ ਮੁਢਲੀ ਲੋੜ ਹੈ।