ਭਾਰਤੀ ਫ਼ੌਜ ਨੇ ਪਾਕਿਸਤਾਨੀ ਚੌਕੀਆਂ ‘ਤੇ ਦਾਗ਼ੀਆਂ ਮਿਜ਼ਾਈਲਾਂ

0
427

22 ਸਕਿੰਟਾਂ ਦੀ ਵੀਡੀਓ ਕੀਤੀ ਜਾਰੀ; ਪਾਕਿਸਤਾਨ ਵੱਲੋਂ ਖ਼ੰਡਨ

New Delhi: An still from the video footage released by the Indian Army of a massive fire assault on a Pakistani post to check infiltrations, in Nowshera, J & K. PTI Photo (PTI5_23_2017_000166B)
ਕੈਪਸ਼ਨ-ਭਾਰਤੀ ਫੌਜ ਵੱਲੋਂ ਤਬਾਹ ਕੀਤੀ ਗਈ ਪਾਕਿਸਤਾਨੀ ਚੌਕੀ ਦੀ ਤਸਵੀਰ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਫੌਜ ਨੇ ਕੰਟਰੋਲ ਰੇਖਾ ‘ਤੇ ਲਗਾਤਾਰ ਗੋਲਾਬਾਰੀ ਕਰਕੇ ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਇਸ ਸਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਹੈ। ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਨੌਸ਼ਹਿਰਾ ਸੈਕਟਰ ਵਿੱਚ ਚੌਕੀ ਤਬਾਹ ਕਰਨ ਦੇ ਭਾਰਤ ਦੇ ਦਾਅਵੇ ਦਾ ਖੰਡਨ ਕੀਤਾ ਹੈ।
ਭਾਰਤੀ ਫੌਜ ਨੇ ਨੌਸ਼ਹਿਰਾ ਸੈਕਟਰ ਵਿੱਚ ਘੁਸਪੈਠ ਵਿੱਚ ਮਦਦ ਕਰਨ ਵਾਲੀ ਚੌਕੀ ਨੂੰ ਤਬਾਹ ਕਰਨ ਦੀ ਕਾਰਵਾਈ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਫੌਜ ਵਿਚਲੇ ਸੂਤਰਾਂ ਅਨੁਸਾਰ ਇਹ ਕਾਰਵਾਈ ਨੌਂ ਮਈ ਨੂੰ ਭਾਰਤੀ ਫੌਜ ਦੇ ਦੋ ਜਵਾਨਾਂ ਦੇ ਸਿਰ ਵੱਢੇ ਜਾਣ ਦੇ ਨੌਂ ਦਿਨਾਂ ਬਾਅਦ ਕੀਤੀ ਗਈ ਸੀ।
ਵਧੀਕ ਡਾਇਰੈਕਟਰ ਜਨਰਲ ਆਫ ਪਬਲਿਕ ਇਨਫਰਮੇਸ਼ਨ ਮੇਜਰ ਜਨਰਲ ਏ ਕੇ ਨਰੂਲਾ ਨੇ ਦੱਸਿਆ ਕਿ ਫੌਜ ਦੀ ਨੌਸ਼ਹਿਰਾ ਸੈਕਟਰ ਵਿੱਚ ਕੀਤੀ ਹਾਲੀਆ ਕਾਰਵਾਈ ਨੇ ਪਾਕਿਸਤਾਨੀ ਚੌਕੀਆਂ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ, ਜਿਹੜੀਆਂ ਘੁਸਪੈਠੀਆਂ ਦੀ ਮਦਦ ਕਰ ਰਹੀਆਂ ਸਨ। ਇਹ ਅਤਿਵਾਦ ਨੂੰ ਨਜਿੱਠਣ ਦੀ ਯੋਜਨਾ ਦਾ ਇਕ ਹਿੱਸਾ ਸੀ। ਸਰਕਾਰ ਵੱਲੋਂ ਫੌਜ ਦੀ ਇਸ ਕਾਰਵਾਈ ਦਾ ਸਮਰਥਨ ਕਰਦਿਆਂ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਟਵੀਟ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਲਈ ਇਹ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵਾਦੀ ਵਿੱਚ ਅਤਿਵਾਦ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ ਅਤੇ ਕੰਟਰੋਲ ਰੇਖਾ ‘ਤੇ ਘੁਸਪੈਠੀਆਂ ਦੀ ਮਦਦ ਕਰਨ ਵਾਲੀਆਂ ਚੌਕੀਆਂ ਨੂੰ ਤਬਾਹ ਕਰ ਰਹੀ ਹੈ। ਦੂਜੇ ਪਾਸੇ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ ਗਫੂਰ ਨੇ ਆਪਣੇ ਟਵੀਟ ਵਿੱਚ ਭਾਰਤੀ ਵੱਲੋਂ ਘੁਸਪੈਠੀਆਂ ਦੀ ਮਦਦ ਕਰਨ ਵਾਲੀ ਚੌਕੀ ਨੂੰ ਤਬਾਹ ਕਰਨ ਵਾਲੇ ਦਾਅਵੇ ਦਾ ਖੰਡਨ ਕੀਤਾ ਹੈ।
ਭਾਰਤੀ ਫੌਜ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪਾਕਿਸਤਾਨ ਨੂੰ ਇਕ ਸੁਨੇਹਾ ਹੈ ਕਿ ਜੇ ਉਸ ਵੱਲੋਂ ਘੁਸਪੈਠ ਕਰਾਉਣ ਦੀ ਕੋਸ਼ਿਸ਼ ਬੰਦ ਨਾ ਕੀਤੀ ਗਈਤਾਂ ਉਹ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੌਜ ਵੱਲੋਂ ਜਾਰੀ 22 ਸਕਿੰਟਾਂ ਦੀ ਵੀਡੀਓ ਵਿੱਚ ਕੰਕਰੀਟ ਢਾਂਚਾ ਟੁੱਟਦਾ ਤੇ ਉਸ ਵਿਚੋਂ ਧੂੰਆਂ ਅਤੇ ਅੱਗ ਦਾ ਭਾਂਬੜ ਉਠਦਾ ਨਜ਼ਰ ਆ ਰਿਹਾ ਹੈ। ਜਦੋਂ ਕਿ ਕਾਰਵਾਈ ਵਾਲਾ ਸਥਾਨ ਸਾਫ਼ ਨਜ਼ਰ ਨਹੀਂ ਆ ਰਿਹਾ। ਮੇਜਰ ਜਨਰਲ ਨਰੂਲਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਨੁਕਸਾਨ ਦੀ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਫ਼ ਦੇ ਪਿਘਲਣ ਦੇ ਨਾਲ ਹੀ ਘੁਸਪੈਠ ਵਧਣ ਦੀ ਸੰਭਾਵਨਾ ਹੈ। ਉਹ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਚਾਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਕੰਟਰੋਲ ਰੇਖਾ ‘ਤੇ ਘੁਸਪੈਠ ਨੂੰ ਰੋਕਿਆ ਜਾਵੇ ਜਿਸ ਨਾਲ ਵਾਦੀ ਵਿੱਚ ਅਤਿਵਾਦੀਆਂ ਦੀ ਗਿਣਤੀ ਘਟੇਗੀ ਤੇ ਨੌਜਵਾਨਾਂ ਨੂੰ ਭੜਕਾਉਣ ਦੀਆਂ ਕਾਰਵਾਈਆਂ ਨੂੰ ਨੱਥ ਪਵੇਗੀ।
ਫੌਜ ਦੇ ਸੂਤਰਾਂ ਅਨੁਸਾਰ ਇਸ ਹਮਲੇ ਵਿੱਚ ਰਾਕਟ ਲਾਂਚਰ, ਐਂਟੀ ਟੈਂਕ ਮਿਜ਼ਾਈਲ ,ਸਵੈਚਾਲਿਤ ਗ੍ਰਨੇਡ ਲਾਂਚਰ ਅਤੇ ਰਿਕੌਇਲੈਸ ਬੰਦੂਕਾਂ ਦੀ ਵਰਤੋਂ ਕੀਤੀ ਗਈ।