ਭਾਰਤ ਭੂਸ਼ਣ ਨੇ ਦਸਿਆ ਸੀ : ਕਿਵੇਂ ਖੁਲ੍ਹਦਾ ਹੈ ‘ਆਧਾਰ’ ਦਾ ਜਿੰਦਰਾ

0
522
Village Level Entrepreneur (VLE) Bharat Bhushan Gupta working at his shop in Jalandhar on Friday. Photo Sarabjit Singh, with Rachna's Aadhar Scam Story
Village Level Entrepreneur (VLE) Bharat Bhushan Gupta working at his shop in Jalandhar on Friday. Photo Sarabjit Singh, with Rachna’s Aadhar Scam Story

ਜਲੰਧਰ/ਬਿਊਰੋ ਨਿਊਜ਼:
ਭਾਰਤ ਭੂਸ਼ਣ ਗੁਪਤਾ (32 ਸਾਲ) ਉਹ ਸ਼ਖਸ ਹੈ ਜਿਸ ਨੇ ਆਧਾਰ ਡੇਟਾ ਤੱਕ ਖੁੱਲ੍ਹੀ ਪਹੁੰਚ ਦਾ ਮਾਮਲਾ ‘ਦ ਟ੍ਰਿਬਿਊਨ’ ਦੇ ਧਿਆਨ ਵਿੱਚ ਲਿਆਂਦਾ ਸੀ, ਜਿਸ ਤੋਂ ਬਾਅਦ ਅਖ਼ਬਾਰ ਨੇ ਆਪਣੇ ਪੱਧਰ ‘ਤੇ ਇਸ ਦੀ ਜਾਂਚ ਕੀਤੀ ਅਤੇ ਮਗਰੋਂ ਉਸ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ। ਸ੍ਰੀ ਗੁਪਤਾ ਨੇ ਪਹਿਲਾਂ ਇਹ ਮਾਮਲਾ ਯੂਆਈਡੀਏਆਈ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ।
ਜ਼ਿਕਰਯੋਗ ਹੈ ਕਿ ਜਲੰਧਰ ਅਧਾਰਤ ਵਿਲੇਜ ਲੈਵਲ ਆਂਤਰਪ੍ਰੀਨਿਊਰ (ਵੀਐਲਈ) ਨੂੰ 29 ਦਸੰਬਰ ਨੂੰ ਵਟਸਐਪ ‘ਤੇ ਅਣਪਛਾਤੇ ਵਿਅਕਤੀ ਨੇ ਆਧਾਰ ਡੇਟਾ ਤਕ ਖੁੱਲ੍ਹੀ ਪਹੁੰਚ ਦੇਣ ਦੀ ਪੇਸ਼ਕਸ਼ ਕੀਤੀ ਸੀ । ਪਰ ਜਦੋਂ ਉਸ ਨੇ ਆਪਣਾ ਆਧਾਰ ਨੰਬਰ ਪਾ ਕੇ ਇਸ ਨੂੰ ਚੈੱਕ ਕੀਤਾ ਤਾਂ ਉਹ ਇਸ ਗੱਲੋਂ ਹੈਰਾਨ ਸੀ ਕਿ ਸਕਰੀਨ ‘ਤੇ ਦਿਖਾਈ ਗਈ ਜਾਣਕਾਰੀ ਉਸ ਦੀ ਆਪਣੀ ਪਹੁੰਚ ਤੋਂ ਵੀ ਕਿਤੇ ਵਧ ਸੀ। ਮਗਰੋਂ ਉਸ ਨੇ ਆਪਣੇ ਦੋਸਤਾਂ ਅਤੇ ਜਾਣ ਪਛਾਣ ਵਾਲਿਆਂ ਦੇ ਆਧਾਰ ਨੰਬਰ ਪਾ ਕੇ ਵੀ ਇਸ ਨੂੰ ਚੈੱਕ ਕੀਤਾ।
ਗੁਪਤਾ ਕਈ ਦਿਨਾਂ ਤੋਂ ਇਸ ਨੂੰ ਲੈ ਕੇ ਬੇਚੈਨ ਸੀ ਅਤੇ ਅਖੀਰ ਉਸ ਨੇ ਇਹ ਮਾਮਲਾ ਕਿਸੇ ਦੇ ਧਿਆਨ ਵਿਚ ਲਿਆਉਣ ਦਾ ਫੈਸਲਾ ਕੀਤਾ। ਉਸ ਨੇ ਯੂਆਈਡੀਏਆਈ ਹੈਲਪਲਾਈਨ ਦੇ ਟੋਲਫਰੀ ਨੰਬਰ 1947 ‘ਤੇ ਵੀ ਫੋਨ ਕੀਤਾ, ਜੋ ਅਪਰੇਟਰ ਨਾਲ ਜੁੜ ਰਿਹਾ ਸੀ। ਉਸ ਨੇ ਅਪਰੇਟਰ ਨੂੰ ਦੱਸਿਆ ਕਿ ਇਹ ਬਹੁਤ ਹੀ ਨਾਜ਼ੁਕ ਅਤੇ ਤਕਨੀਕੀ ਮਸਲਾ ਹੈ ਤੇ ਉਹ ਉਸ ਦੀ ਗੱਲ ਕਿਸੇ ਸੀਨੀਅਰ ਅਧਿਕਾਰੀ ਨਾਲ ਕਰਵਾਏ, ਪਰ ਅਪਰੇਟਰ ਨੇ ਉਸ ਨੂੰ ਦੱਸਿਆ ਕਿ ਕੋਈ ਸੀਨੀਅਰ ਅਧਿਕਾਰੀ ਹਾਜ਼ਰ ਨਹੀਂ ਹੈ। ਯੂਏਡੀਏਆਈ ਤੋਂ ਕੋਈ ਜਵਾਬ ਨਾ ਮਿਲਣ ‘ਤੇ ਗੁਪਤਾ ਨੇ ਇਸ ਪੱਤਰਕਾਰ ਨਾਲ ਰਾਬਤਾ ਕੀਤਾ। ਪੱਤਰਕਾਰ ਨੇ ਗੁਪਤਾ ਦੀ ਮਦਦ ਨਾਲ ਆਧਾਰ ਡੇਟਾ ਤਕ ਪਹੁੰਚ ਵੇਚਣ ਵਾਲੇ ਨਾਲ ਵਟਸਐੱਪ ‘ਤੇ ਸੰਪਰਕ ਕੀਤਾ ਅਤੇ ਉਸ ਤੋਂ ਅਨਾਮਿਕਾ ਦੇ ਨਾਂ ‘ਤੇ ਵੱਖਰਾ ਲੌਗਇਨ ਲਿਆ। ਜਿਸ ਰਾਹੀਂ ਉਸ ਨੂੰ ਆਧਾਰ ਡੇਟਾ ਤਕ ਖੁੱਲ੍ਹੀ ਪਹੁੰਚ ਮਿਲ ਗਈ। ਇਸ ਦਾ ਜ਼ਿਕਰ ਪੱਤਰਕਾਰ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਵਿੱਚ ਵੀ ਕੀਤਾ ਸੀ।

ਅਣਪਛਾਤੇ ਗਰੁੱਪ ਨੇ ਵੀਐਲਈ ਨੂੰ ਕਿਉਂ ਬਣਾਇਆ ਨਿਸ਼ਾਨਾ?
ਭਾਰਤ ਭੂਸ਼ਣ ਗੁਪਤਾ ਅਨੁਸਾਰ ਇਹ ਤਜਰਬੇਕਾਰ ਲੋਕਾਂ ਦਾ ਤਿਆਰ ਡੇਟਾਬੇਸ ਹੈ ਜੋ ਪਹਿਲਾਂ ਹੀ ਆਧਾਰ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਦਾ ਕੰਮ ਖੁੱਸਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਏ ਸੀ ਜਿਸ ਕਾਰਨ ਉਨ੍ਹਾਂ ਨੂੰ ਡੇਟਾ ਤਕ ਪਹੁੰਚ ਖਰੀਦਣ ਦਾ ਲਾਲਚ ਦਿੱਤਾ ਜਾਂਦਾ ਸੀ। ਸਰਕਾਰ ਨੇ ਕੁਝ ਵੀਐਲਈ ਕੇਂਦਰਾਂ ਨੂੰ ਮੁਫਤ ਵਿੱਚ ਸਾਮਾਨ ਮੁਹੱਈਆ ਕਰਾਇਆ ਸੀ ਪਰ ਜ਼ਿਆਦਾਤਰ ਤੋਂ ਆਊਟਸੋਰਸ ਕੀਤੇ ਠੇਕੇਦਾਰ ਦੇ ਪ੍ਰਤੀਨਿਧਾਂ ਨੇ ਤਿੰਨ ਲੱਖ ਰੁਪਏ ਵਸੂਲੇ ਸੀ। ਪਰ ਜਦੋਂ ਸਰਕਾਰ ਨੇ ਉਨ੍ਹਾਂ ਤੋਂ ਇਹ ਕੰਮ ਖੋਹ ਲਿਆ ਤਾਂ ਉਹ ਬੇਰੁਜ਼ਗਾਰ ਹੋਏ ਤੇ ਉਨ੍ਹਾਂ ਨੂੰ ਘਰ ਦਾ ਖਰਚ ਚਲਾਉਣਾ ਔਖਾ ਹੋ ਗਿਆ। ਇਸੇ ਦੌਰਾਨ ਉਨ੍ਹਾਂ ਨੂੰ 500 ਰੁਪਏ ਵਿੱਚ ਆਧਾਰ ਡੇਟਾ ਤਕ ਖੁੱਲ੍ਹੀ ਪਹੁੰਚ ਮਿਲ ਗਈ ਅਤੇ ਉਨ੍ਹਾਂ ਦਾ ਕਾਰੋਬਾਰ ਮੁੜ ਸ਼ੁਰੂ ਹੋ ਗਿਆ। ਹੁਣ ਪੁਲੀਸ ਵੱਲੋਂ ਗੁਪਤਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਪਰ ਉਹ ਆਪਣੀ ਕਹਿਣੀ ‘ਤੇ ਖੜਾ ਹੈ। ਜਲੰਧਰ ਨੇੜੇ ਰਾਮਾ ਮੰਡੀ ਵਿਚਲੀ ਆਪਣੀ ਨਿੱਕੀ ਜਿਹੀ ਦੁਕਾਨ ‘ਤੇ ਬੈਠੇ ਗੁਪਤਾ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਨੇ ਕਰੋੜਾਂ ਲੋਕਾਂ ਦਾ ਡੇਟਾ ਚੋਰੀ ਹੋਣ ਤੋਂ ਬਚਾ ਲਿਆ ਹੈ।