ਨਵੰਬਰ ਦਾ ਪਹਿਲਾ ਹਫਤਾ ਸਿੱਖ ਨਸਲਕੁਸ਼ੀ ਹਫਤੇ ਵਜੋਂ ਮਨਾਇਆ ਜਾਵੇ : ਭਾਈ ਜਗਤਾਰ ਸਿੰਘ ਹਵਾਰਾ

0
38

bhai_hawara
ਚੰਡੀਗੜ੍ਹ/ਬਿਊਰੋ ਨਿਊਜ਼ :
ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਇਕ ਸੰਦੇਸ਼ ਵਿਚ ਸਮੂਹ ਸਿੱਖ ਧਿਰਾਂ ਨੂੰ ਮਿਲ ਕੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਨਵੰਬਰ ਦਾ ਪਹਿਲਾ ਹਫਤਾ ‘ਨਸਲਕੁਸ਼ੀ ਯਾਦਗਾਰੀ ਹਫਤੇ’ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।
ਆਪਣੇ ਵਕੀਲ ਤੇ ਬੁਲਾਰੇ ਸ. ਅਮਰ ਸਿੰਘ ਚਾਹਲ ਰਾਹੀਂ ਭੇਜੇ ਸੰਦੇਸ਼ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਹੈ ਕਿ ਨਵੰਬਰ-1984 ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ 34 ਸਾਲ ਹੋ ਗਏ ਹਨ ਪਰ ਜ਼ਖਮ ਅਜੇ ਵੀ ਤਾਜ਼ੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਕੌਮ ਉਤੇ ਜਦੋਂ ਕੋਈ ਘੱਲੂਘਾਰੇ ਅਤੇ ਸਾਕੇ ਵਰਤਾਏ ਜਾਂਦੇ ਹਨ ਤਾਂ ਇਹ ਉਹਨਾਂ ਕੌਮਾਂ ਨੂੰ ਖ਼ਤਮ ਕਰਨ ਲਈ ਜਾਂ ਨਿੱਸਲ ਕਰਨ ਲਈ ਵਰਤਾਏ ਜਾਂਦੇ ਹਨ ਪਰ ਅਣਖੀਲੀਆਂ ਕੌਮਾਂ ਇਹਨਾਂ ਸਾਕਿਆਂ ਤੇ ਘੱਲੂਘਾਰਿਆਂ ਨਾਲ ਹੋਰ ਵਧੇਰੇ ਚੇਤੰਨ, ਹੋਰ ਵਧੇਰੇ ਤਾਕਤਵਰ ਤੇ ਹੋਰ ਵਧੇਰੇ ਕਾਰਜਸ਼ੀਲ ਹੋ ਜਾਂਦੀਆਂ ਹਨ। ਨਵੰਬਰ-1984 ਵਿਚ ਹਕੂਮਤ ਦੀ ਸਰਪ੍ਰਸਤੀ ਹੇਠ ਪੁਲਿਸ ਅਤੇ ਹੋਰ ਸਰਕਾਰੀ ਮਹਿਕਮਿਆਂ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸਿੱਖ ਬੱਚੇ, ਬੁੱਢੇ ਤੇ ਨੌਜਵਾਨ ਕੋਹ ਕੋਹ ਕੇ, ਤੜਫਾ-ਤੜਫਾ ਕੇ ਕਤਲ ਕੀਤੇ ਗਏ ਤੇ ਜਿਊਂਦੇ ਸਾੜੇ ਗਏ। ਸਿੱਖ ਬੱਚੀਆਂ ਤੇ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ ਅਤੇ 34 ਸਾਲਾਂ ਵਿਚ ਇਸ ਵਹਿਸ਼ੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਵੀ ਨਹੀਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਸਭ ਤੋਂ ਬਾਅਦ ਫਿਰ ਕਿਵੇਂ ਅਸੀਂ ਸਭ ਕੁਝ ਭੁੱਲ ਜਾਈਏ ਤੇ ਕਿਵੇਂ ਮੰਨ ਲਈਏ ਕਿ ਇਹ ਦੇਸ਼ ਸਾਡਾ ਹੈ ਤੇ ਅਸੀਂ ਅਜ਼ਾਦ ਹਾਂ?
ਭਾਈ ਜਗਤਾਰ ਸਿੰਘ ਹਵਾਰਾ ਨੇ ਅੱਗੇ ਕਿਹਾ ਕਿ ਇਤਿਹਾਸ ਵਿਚਲੇ ਅਜਿਹੇ ਘੱਲੂਘਾਰੇ ਭੁੱਲਣਯੋਗ ਨਹੀਂ ਹੁੰਦੇ। ਇਸ ਲਈ ਨਵੰਬਰ 1984 ਦਾ ਸੱਚ ਸਾਹਮਣੇ ਲਿਆਉਣ ਲਈ ਜਿੱਥੇ ਦੁਨੀਆ ਦੀਆਂ ਵੱਧ ਤੋਂ ਵੱਧ ਭਾਸ਼ਾਵਾਂ ਵਿਚ ਸਾਹਿਤ ਛਾਪਿਆ ਜਾਣਾ ਜ਼ਰੂਰੀ ਹੈ, ਦਸਤਾਵੇਜ਼ੀਆਂ ਤਿਆਰ ਕੀਤੀਆਂ ਜਾਣੀਆਂ ਜ਼ਰੂਰੀ ਹਨ, ਓਥੇ ਕੌਮ ਦਾ ਰੋਹ ਤੇ ਕੌਮ ਦੀ ਅਵਾਜ਼ ਵੀ ਲਗਾਤਾਰ ਬੁਲੰਦ ਹੁੰਦੀ ਰਹਿਣੀ ਚਾਹੀਦੀ ਹੈ। ਇਸ ਸਬੰਧੀ ਜੋ ਵੀ ਕਾਰਜ ਉਲੀਕੇ ਜਾਣ, ਉਹ ਸਮੂਹ ਪੰਥਕ ਧਿਰਾਂ ਵੱਲੋਂ ਆਪਸੀ ਵਿਚਾਰ- ਵਟਾਂਦਰੇ ਪਿੱਛੋਂ ਸਾਂਝੇ ਤੌਰ ‘ਤੇ ਉਲੀਕੇ ਜਾਣ।