ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੰਥ ਅੰਦਰ ਆਪਸੀ ਟਕਰਾਵਾਂ ਨੂੰ ਰੋਕਣ ਦੀ ਅਪੀਲ

0
443

bhai-hawara
ਨਵੀਂ ਦਿੱਲੀ/ ਸਿੱਖ ਸਿਆਸਤ ਬਿਊਰੋ:
ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਜਰਮਨ ਅਤੇ ਇਟਲੀ ‘ਚ ਹੋਈਆਂ ਘਟਨਾਵਾਂ ‘ਤੇ ਦੁਖ ਦਾ ਇਜ਼ਹਾਰ ਕੀਤਾ ਹੈ। ਜੇਲ੍ਹ ‘ਚ ਮੁਲਾਕਾਤ ਕਰਨ ਵਾਲੇ ਰਾਹੀਂ ਭੇਜੇ ਸੰਦੇਸ਼ ‘ਚ ਭਾਈ ਹਵਾਰਾ ਨੇ ਕਿਹਾ ਕਿ ਵਿਚਾਰਾਂ ਦੇ ਮਤਭੇਦ ਨੂੰ ਟਕਰਾਅ ‘ਚ ਨਹੀਂ ਬਦਲਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁੱਦਿਆਂ ‘ਤੇ ਸਮੂਹ ਸਿੱਖ ਇਕ ਮਤ ਹਨ ਉਨ੍ਹਾਂ ਮੁੱਦਿਆਂ ਦੀ ਸਾਂਝ ਨੂੰ ਮਜ਼ਬੂਤ ਕਰ ਕੇ ਕੌਮੀ ਮੰਜ਼ਲ ਵੱਲ ਕਦਮ ਵਧਾਏ ਜਾਣੇ ਚਾਹੀਦੇ ਹਨ।
ਭਾਈ ਹਵਾਰਾ ਨੇ ਭਾਈ ਪੰਥਪ੍ਰੀਤ ਸਿੰਘ ਦੇ ਜਰਮਨ ਅਤੇ ਇਟਲੀ ਵਿਚ ਹੋਏ ਵਿਰੋਧ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਕ ਸਿੱਖ ਦੇ ਦੂਜੇ ਸਿੱਖ ਨਾਲ ਜੇਕਰ ਵਿਚਾਰਾਂ ਦੇ ਕੁਝ ਮਤਭੇਦ ਹੁੰਦੇ ਵੀ ਹਨ ਤਾਂ ਉਨ੍ਹਾਂ ਨੂੰ ਦੁਸ਼ਮਣਾਂ ਵਾਂਗ ਨਜਿੱਠਣਾ ਅਤੇ ਹਲਕੇ ਪੱਧਰ ਦੀ ਸ਼ਬਦਾਵਲੀ ਵਰਤਣੀ ਗੁਰਸਿੱਖਾਂ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਜ਼ਾਲਮ ਅਤੇ ਜਰਵਾਣੇ ਚੈਨ ਦੀ ਨੀਂਦ ਸੌਂਦੇ ਹਨ, ਬਿਨਾਂ ਰੋਕ ਟੋਕ ਆਪਣੇ ਕਾਰ ਵਿਹਾਰ ਕਰਦੇ ਹਨ, ਪਰ ਗੁਰੂ ਦੇ ਸਿੱਖ ਆਪੋ ਵਿਚ ਹੀ ਇਕ ਦੂਜੇ ਦੇ ਵਿਰੁੱਧ ਡਾਂਗਾਂ ਚੁੱਕੀ ਫਿਰਦੇ ਹਨ, ਇਹ ਸਥਿਤੀ ਪੂਰੀ ਦੁਨੀਆ ਵਿਚ ਸਿੱਖ ਕੌਮ ਲਈ ਨਮੋਸ਼ੀ ਅਤੇ ਜੱਗ ਹਸਾਈ ਦਾ ਕਾਰਨ ਬਣਦੀ ਹੈ।
ਭਾਈ ਹਵਾਰਾ ਨੇ ਪੂਰੀ ਕੌਮ ਦੇ ਨਾਂ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਿਹੜੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ਪੰਜ ਕਕਾਰਾਂ ਦੇ ਧਾਰਨੀ ਹਨ, ਉਨ੍ਹਾਂ ਦੇ ਆਪੋ ਵਿਚ ਜੇਕਰ ਕਿਸੇ ਮੁੱਦੇ ‘ਤੇ ਵਿਚਾਰਕ ਮਤਭੇਦ ਵੀ ਹਨ ਤਾਂ ਉਨ੍ਹਾਂ ਨੂੰ ਨਿਮਰਤਾ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਵੱਖਰੇ ਵਿਚਾਰਾਂ ਵਾਲੇ ਨੂੰ ‘ਮੂਰਖ’ ਜਾਂ ‘ਪੰਥ ਦੇ ਦੁਸ਼ਮਣ’ ਗਰਦਾਨ ਕੇ ਭਰਾ ਮਾਰੂ ਜੰਗ ਨੂੰ ਅਵਾਜ਼ਾਂ ਮਾਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਜਿਹੜੇ ਵੀਰ ਕਿਸੇ ਦੇ ਗਲ ਪੈਣ ਨੂੰ ਹੀ ‘ਸੇਵਾ’ ਸਮਝਦੇ ਹਨ, ਉਹ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਦੋਖੀਆਂ ਅਤੇ ਕਾਤਲਾਂ ਨਾਲ ਨਿੱਬੜਨ, ਓਧਰੋਂ ਵਿਹਲੇ ਹੋਣ ਪਿੱਛੋਂ ਹੀ ਆਪਣੇ ਭਰਾਵਾਂ ਬਾਰੇ ਕੁਝ ਸੋਚਣ।
ਭਾਈ ਹਵਾਰਾ ਸਮੂਹ ਪੰਥ ਪ੍ਰਸਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਬੈਠੇ ਸਿੱਖ ਵਿਦਵਾਨਾਂ ਨੂੰ ਇਕ ਮੰਚ ‘ਤੇ ਇਕੱਤਰ ਕਰ ਕੇ ਕੌਮ ਦਾ ਇਕ ”ਥਿੰਕ ਟੈਂਕ” ਬਣਾਇਆ ਜਾਵੇ। ਕੁਝ ਪੰਥ ਦਰਦੀ ਵੀਰਾਂ ਵਲੋਂ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਅਜਿਹਾ ਉੱਦਮ ਕਰਨ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਸਿੱਖਾਂ ਅੰਦਰ ਵਿਚਾਰਾਂ ਦੇ ਵਖਰੇਵਿਆਂ ਬਾਰੇ ਜੇਕਰ ਵਿਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਵੀ ਜਾਪੇ ਤਾਂ ਉਹ ਵਿਦਵਾਨਾਂ ਦੇ ਇਸ ਮੰਚ ਉੱਤੇ ਚਾਰਦੀਵਾਰੀ ਦੇ ਅੰਦਰ ਹੋਣੀ ਚਾਹੀਦੀ ਹੈ। ਉਨ੍ਹਾਂ ਮਸਲਿਆਂ ਦੀ ਸਟੇਜਾਂ ‘ਤੇ ਨੁਮਾਇਸ਼ ਨਾ ਲਾਈ ਜਾਵੇ ਤੇ ਨਾ ਹੀ ਸੜਕਾਂ ‘ਤੇ ਨਾਅਰੇਬਾਜ਼ੀ ਅਤੇ ਗਾਲ੍ਹਾਂ ਕੱਢ ਕੇ ਕੌਮ ਦੀ ਬਦਨਾਮੀ ਦੀ ਵਜ੍ਹਾ ਬਣਿਆ ਜਾਵੇ।
ਭਾਈ ਹਵਾਰਾ ਦਾ ਕਹਿਣਾ ਹੈ ਕਿ ਇਕ ਦੂਜੇ ਵਿਰੁੱਧ ਭੱਦੀ ਸ਼ਬਦਾਵਲੀ ਵਰਤ ਕੇ ਅਤੇ ਲੱਠਮਾਰਾਂ ਵਰਗਾ ਵਿਹਾਰ ਕਰ ਕੇ ਜਿੱਥੇ ਅਸੀਂ ਸਿੱਖ ਧਰਮ ਦੇ ਉੱਚੇ ਮਿਆਰਾਂ ਤੋਂ ਬਹੁਤ ਹੇਆਂ ਡਿਗ ਪੈਂਦੇ ਹਾਂ ਓਥੇ ਹੀ ਅਸੀਂ ਦੁਨੀਆ ਭਰ ਵਿਚ ਸਿੱਖ ਕੌਮ ਦੀ ਨਮੋਸ਼ੀ ਦਾ ਕਾਰਨ ਬਣਨ ਦੇ ਨਾਲ-ਨਾਲ ਦੁਸ਼ਮਣਾਂ ਦੇ ਹੱਥਾਂ ‘ਚ ਖੇਡ ਰਹੇ ਹਾਂ।