ਅਦਾਲਤਾਂ ਦਾ ਸ਼ੱਕ ਦੇ ਘੇਰੇ ‘ਚ ਹੋਣਾ ਚਿੰਤਾਜਨਕ: ਭਗਵੰਤ ਮਾਨ

0
246

bhagwant-mann
ਸੰਸਦ ਮੈਂਬਰ ਭਗਵੰਤ ਮਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ।
ਸੰਗਰੂਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਉਪਰ ਸਵਾਲ ਉੱਠਣੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤਾਂ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠਣਗੇ ਤਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਵੇਂ ਬਚਣਗੀਆਂ। ਸ੍ਰੀ ਮਾਨ ਇੱਥੇ ਆਪਣੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਤੇ ਸੀਬੀਆਈ ਰਾਜਨੀਤਕ ਦਖ਼ਲ ਤੋਂ ਬਚ ਨਹੀਂ ਸਕੇ ਅਤੇ ਹੁਣ ਅਦਾਲਤਾਂ ਵਿੱਚ ਅਜਿਹਾ ਵਿਵਹਾਰ ਦੇਸ਼ ਦੇ ਫੈੱਡਰਲ ਢਾਂਚੇ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਤੁਰੰਤ ਨਜਿੱਠਿਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਵਾਸੀਆਂ ਦਾ ਵਿਸ਼ਵਾਸ ਅਦਾਲਤੀ ਪ੍ਰਣਾਲੀ ਵਿੱਚ ਬਣਿਆ ਰਹੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਘੀ ਮੌਕੇ ਮੁਕਤਸਰ ਸਾਹਿਬ ਵਿੱਚ ਸਿਆਸੀ ਕਾਨਫਰੰਸ ਕਰਨ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਫਤਹਿਗੜ੍ਹ ਸਾਹਿਬ ਵਿੱਚ ਸਿਆਸੀ ਕਾਨਫਰੰਸ ਨਾ ਕਰਨ ਬਾਰੇ ਅਕਾਲ ਤਖ਼ਤ ਦੇ ਫੈ?ਸਲੇ ਨੂੰ ਪ੍ਰਵਾਨ ਕਰ ਸਕਦਾ ਹੈ ਤਾਂ ਫਿਰ ਮੁਕਤਸਰ ਸਾਹਿਬ ਬਾਰੇ ਇਸ ਫੈ?ਸਲੇ ਨੂੰ ਕਿਉਂ ਨਹੀਂ ਮੰਨਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਤਖ਼ਤਾਂ ਦੇ ਜਥੇਦਾਰ ਅਕਾਲੀਆਂ ਦੀਆਂ ਜੇਬਾਂ ਵਿੱਚੋਂ ਨਿਕਲਦੇ ਹਨ। ਇਸੇ ਕਾਰਨ ਇਹ ਜਥੇਦਾਰਾਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ।
ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਸ ਦੇ ਬਾਵਜੂਦ ਸੂਬੇ ਦਾ ਕੋਈ ਖੇਤੀਬਾੜੀ ਮੰਤਰੀ ਨਹੀਂ ਹੈ ਅਤੇ ਨਾ ਹੀ ਕੋਈ ਖੇਡ ਮੰਤਰੀ ਹੈ। ਦਸ ਮਹੀਨਿਆਂ ਤੋਂ ਮੁੱਖ ਮੰਤਰੀ, ਮੰਤਰੀ ਮੰਡਲ ਵਿੱਚ ਵਾਧੇ ਲਈ ਲਗਾਤਾਰ ਵਿਧਾਇਕਾਂ ਨੂੰ ਲਾਰੇ ਲਾ ਰਹੇ ਹਨ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਐੱਮਪੀ ਕੋਟੇ ਦੇ ਫੰਡ ਵਜੋਂ 17 ਕਰੋੜ 50 ਲੱਖ ਰੁਪਏ ਆਏ ਹਨ ਤੇ ਗ੍ਰਾਂਟਾਂ ਵੰਡਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸ ਮੌਕੇ ਵਿਧਾਇਕ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਦਲਵੀਰ ਸਿੰਘ ਢਿੱਲੋਂ, ਦਿਨੇਸ਼ ਬਾਂਸਲ, ਗਿਆਨ ਸਿੰਘ ਮਾਨ ਤੇ ਗੁਰਚਰਨ ਸਿੰਘ ਈਲਵਾਲ ਵੀ ਮੌਜੂਦ ਸਨ।