ਸੰਸਦ ਮਾਮਲੇ ਵਿੱਚ ਸਜ਼ਾ ਭੁਗਤਣ ਲਈ ਤਿਆਰ ਹਾਂ : ਮਾਨ

0
597

388970-pti-bhagwant-mann-file-photo
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ‘ਸੰਸਦ ਸੁਰੱਖਿਆ ਮਾਮਲੇ’ ਵਿੱਚ ਦੋਸ਼ੀ ਗਰਦਾਨੇ ਜਾਣ ਦੇ ਫ਼ੈਸਲੇ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਇਸ ਸਬੰਧੀ ਕੋਈ ਸਜ਼ਾ ਨਹੀਂ ਸੁਣਾਈ ਗਈ। ਜੇ ਕੋਈ ਸਜ਼ਾ ਮਿਲਦੀ ਹੈ ਤਾਂ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਕਾਂਡ ਲਈ ਕਈ ਸਿਆਸਤਦਾਨ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਪਰ ਅਸਲ ਵਿਚ ਸਿਆਸਤਦਾਨ ਹੀ ਇਸ ਮਾਮਲੇ ਨਾਲ ਜੁੜੇ ਹੋਏ ਹਨ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਐਸਵਾਈਐਲ ਦੇ ਮੁੱਦੇ ‘ਤੇ ਬਿਲਕੁਲ ਸਪਸ਼ਟ ਹੈ ਤੇ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਅਕਾਲੀ ਦਲ ਅਤੇ ਕਾਂਗਰਸ ਦੀ ਹਾਲਤ ਤਰਸਯੋਗ ਹੈ ਅਤੇ ਇਹ ਦੋਵੇਂ ਪਾਰਟੀਆਂ ਅੰਦਰੋਂ ਇੱਕੋ ਹਨ। ਦੋਵੇਂ ਪਾਰਟੀਆਂ ਵਾਰੀ ਸਿਰ ਸੱਤਾ ਸੰਭਾਲ ਕੇ ਮਨਮਰਜ਼ੀਆਂ ਕਰਦੀਆਂ ਹਨ। ਸੰਸਦ ਮੈਂਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਸਿਆਸਤਦਾਨ ਉਨ੍ਹਾਂ ਨੂੰ ਪੈਸੇ ਦੇਵੇ ਤਾਂ ਉਹ ਪੈਸੇ ਲੈ ਲੈਣ, ਪਰ ਵੋਟਾਂ ਆਪਣੀ ਮਰਜ਼ੀ ਨਾਲ ਪਾਉਣ। ਉਨ੍ਹਾਂ ਕਿਹਾ ਕਿ ‘ਵੋਟ ਦਾ ਹੱਕ’ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਸਿੱਟਾ ਹੈ, ਜੇ ਆਜ਼ਾਦੀ ਨਾ ਮਿਲਦੀ ਤਾਂ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਣਾ ਸੀ। ਉਹ ਇਥੇ ਆਮ ਆਦਮੀ ਪਾਰਟੀ ਦੇ ਹਲਕਾ ਮੁਕਤਸਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿਚ ਚੋਣ ਰੈਲੀ ਕਰਨ ਮੰਡੀ ਬਰੀਵਾਲਾ ਪੁੱਜੇ ਹੋਏ ਸਨ।