ਛੋਟੇਪੁਰ ਦਾ ਸਟਿੰਗ ਅਪਰੇਸ਼ਨ ਕਰਨ ਵਾਲੇ ਦੇ ਘਰ ਪੁੱਜੇ ਭਗਵੰਤ ਮਾਨ

0
519

bhagwant-maan
ਮਾਨਸਾ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਅਪਰੇਸ਼ਨ ਕਰਨ ਵਾਲੇ ‘ਆਪ’ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਦੇ ਘਰ ਸੰਸਦ ਮੈਂਬਰ ਭਗਵੰਤ ਮਾਨ ਦੀ ਅਚਾਨਕ ਫੇਰੀ ਨੂੰ ਸਿਆਸੀ ਹਲਕਿਆਂ ਵਿੱਚ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਪਾਰਟੀ ਵੱਲੋਂ ਮਾਨਸਾ ਤੋਂ ਐਲਾਨੇ ਉਮੀਦਵਾਰ ਨਾਜਰ ਸਿੰਘ ਮਾਨਸ਼ਾਹੀਆ ਸਮੇਤ ਟਿਕਟ ਦੇ ਹੋਰ ਦਾਅਵੇਦਾਰਾਂ ਨੂੰ ਵੀ ਇਸ ਫੇਰੀ ਦੀ ਭਿਣਕ ਨਹੀਂ ਪੈਣ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਸੱਦਿਆ ਗਿਆ ਹੈ।
ਭਗਵੰਤ ਮਾਨ ਨੇ  ਕਿਹਾ ਕਿ ਉਹ ਇਧਰੋਂ ਦੀ ਲੰਘਣ ਕਾਰਨ ਇਥੇ ਰੁਕ ਗਏ ਅਤੇ ਜ਼ਿਆਦਾ ਸਮਾਂ ਨਾ ਹੋਣ ਕਾਰਨ ਪਾਰਟੀ ਦੇ  ਹੋਰ ਨੇਤਾਵਾਂ ਨੂੰ ਨਹੀਂ ਬੁਲਾਇਆ ਜਾ ਸਕਿਆ ਹੈ। ਸ੍ਰੀ ਮਾਨਸ਼ਾਹੀਆ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਬਾਰੇ ਸੱਦਿਆ ਹੀ ਨਹੀਂ ਗਿਆ।
ਇਸੇ ਦੌਰਾਨ ਸੰਸਦ ਮੈਂਬਰ ਨੇ ਕਿਹਾ ਕਿ ਪਾਰਟੀ ਵਿੱਚ ਟਿਕਟਾਂ ਦੀ ਵੰਡ ਬਾਰੇ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਮੁੜ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲੜਣ ਲਈ ਆਦੇਸ਼ ਕਰੇਗੀ ਤਾਂ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਹੀ ਚੋਣ ਲੜਨਗੇ। ਉਹ ਇਸ ਇੱਛਾ ਨੂੰ ਪਹਿਲਾਂ ਵੀ ਪਾਰਟੀ ਕੋਲ ਰੱਖ ਚੁੱਕੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ 100 ਤੋਂ ਵੱਧ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ ਸੀ ਪਰ ਹੁਣ ਉਨ੍ਹਾਂ ਨੇ ਜਦੋਂ ਆਪਣੀ ਨਵੀਂ ਪਾਰਟੀ ਬਣਾ ਲਈ ਤਾਂ ਉਨ੍ਹਾਂ ਨੂੰ ਕੱਢਿਆ ਜਾਣਾ ਜ਼ਰੂਰੀ ਸੀ।
‘ਆਪ’ ਦੇ ਸਟਿੰਗ ਅਪਰੇਸ਼ਨ ਬਾਰੇ ਮਾਨਸਾ ਦੇ ‘ਆਪ’ ਆਗੂ ਦੇ ਨਾਂ ਦੀ ਚਰਚਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਦਾ ਨਾਂ ਸਾਹਮਣੇ ਨਹੀਂ ਆਇਆ।