ਦੋ ਸਾਲਾਂ ਵਿੱਚ ਬੇਅਦਬੀ ਦੀਆਂ ਵਾਪਰੀਆਂ 100 ਤੋਂ ਵੱਧ ਘਟਨਾਵਾਂ

0
335

beadbi
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿੱਚ ਪਿਛਲੇ ਕਰੀਬ ਦੋ ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਪੁਲੀਸ ਇਨ੍ਹਾਂ ਵਿੱਚੋਂ ਅੱਧੇ ਮਾਮਲਿਆਂ ਵਿੱਚ ਹੀ ਸ਼ੱਕੀ ਵਿਅਕਤੀਆਂ ਜਾਂ ਮੁਲਜ਼ਮਾਂ ਦਾ ਪਤਾ ਲਾ ਸਕੀ ਹੈ। ਇਹ ਖ਼ੁਲਾਸਾ ਬੇਅਦਬੀ ਮਾਮਲਿਆਂ ਸਬੰਧੀ ਪੰਜਾਬ ਪੁਲੀਸ ਦੀ ਪਹਿਲੀ ਵਿਸਥਾਰਤ ਰਿਪੋਰਟ ਤੋਂ ਹੋਇਆ ਹੈ। ਸੂਤਰਾਂ ਅਨੁਸਾਰ ਪੁਲੀਸ ਨੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣ ਲਈ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਅਨੁਸਾਰ ਪਹਿਲੀ ਜੂਨ 2015 ਤੋਂ ਲੈ ਕੇ ਹੁਣ ਤੱਕ ਬੇਅਦਬੀ ਦੀਆਂ 100 ਦੇ ਕਰੀਬ ਵੱਡੀਆਂ ਛੋਟੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਬੇਅਦਬੀ ਦਾ ਸਭ ਤੋਂ ਪਹਿਲਾ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸਾਹਮਣੇ ਆਇਆ ਸੀ। ਇਨ੍ਹਾਂ ਮਾਮਲਿਆਂ ਕਾਰਨ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਕਾਫ਼ੀ ਨਮੋਸ਼ੀ ਝੱਲਣੀ ਪਈ ਸੀ। ਹੁਣ ਕੈਪਟਨ ਸਰਕਾਰ ਬਣਨ ਮਗਰੋਂ ਵੀ ਤਰਨ ਤਾਰਨ ਅਤੇ ਮੁਕਤਸਰ ਵਿੱਚ ਬੇਅਦਬੀ ਹੋ ਚੁੱਕੀ ਹੈ। ਨਵੀਂ ਸਰਕਾਰ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਲਈ ਨਵੇਂ ਕਮਿਸ਼ਨ ਦੇ ਗਠਨ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਇਸ ਮਾਮਲੇ ਵਿੱਚ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਸੀ, ਜਿਸ ਨੇ ਖ਼ਾਸ ਤੌਰ ‘ਤੇ ਫ਼ਰੀਦਕੋਟ ਮਾਮਲਿਆਂ ਦੀ ਜਾਂਚ ਕੀਤੀ ਸੀ ਪਰ ਉਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਸੂਤਰਾਂ ਅਨੁਸਾਰ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨਵੇਂ ਕਮਿਸ਼ਨ ਦੀ ਜਾਂਚ ਦਾ ਆਧਾਰ ਹੋਵੇਗੀ। ਸੂਤਰਾਂ ਦੇ ਦੱਸਣ ਅਨੁਸਾਰ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਜਾ ਚੁੱਕੀ ਹੈ।