ਬਰਗਾੜੀ ਮੋਰਚੇ ਨੇ ਸਰਕਾਰ ਤੇ ਬਾਦਲ ਦਲ ਦੀਆਂ ਮੁਸ਼ਕਲਾਂ ਵਧਾਈਆਂ

0
83

bargari_morcha
ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਲੱਗੇ ਬਰਗਾੜੀ ਮੋਰਚੇ ਵਿਚ ਪਹੁੰਚੀ ਸੰਗਤ।
ਜੈਤੋ/ਬਿਊਰੋ ਨਿਊਜ਼ :
ਬੇਅਦਬੀ ਕਾਂਡ ਤੋਂ ਬਾਅਦ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਪੰਥਕ ਜਥੇਬੰਦੀਆਂ ਵੱਲੋਂ ਬਰਗਾੜੀ ਵਿੱਚ 1 ਜੂਨ ਤੋਂ ਸ਼ੁਰੂ ਕੀਤੇ ਮੋਰਚੇ ਵਿੱਚ ਸੰਗਤ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਪਿੰਡ ਬਰਗਾੜੀ ਦੀ ਅਨਾਜ ਮੰਡੀ ਵਿੱਚ ਵੱਡਾ ਇਕੱਠ ਹੋ ਗਿਆ ਹੈ।ਸੰਗਤ ਦੀ ਗਿਣਤੀ ਨੂੰ ਵਧਦਾ ਦੇਖ ਜ਼ਿਲ੍ਹਾ ਪੁਲੀਸ ਨੇ ਬਰਗਾੜੀ ਪਿੰਡ ਨੂੰ ਜਾਣ ਵਾਲੀਆਂ ਸੜਕਾਂ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਬਰਗਾੜੀ ਮੋਰਚੇ ਵਿੱਚ ਸੰਗਤ ਨੂੰ ਲਿਆਉਣ ਲਈ ਪਿੰਡਾਂ ਵਿੱਚ ਬਕਾਇਦਾ ਤੌਰ ‘ਤੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਹੋਕਾ ਦਿੱਤਾ ਜਾ ਰਿਹਾ ਹੈ।
ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦੇਣ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਵਿਖੇ ਲਾਇਆ ਪੱਕਾ ਮੋਰਚਾ ਮੌਜੂਦਾ ਕਾਂਗਰਸ ਸਰਕਾਰ ਤੇ ਬਾਦਲ ਦਲ ਲਈ ਭਾਰੀ ਚੁਣੌਤੀ ਬਣ ਕੇ ਉੱਭਰਿਆ ਹੈ। ਬਰਗਾੜੀ ਦੀ ਦਾਣਾ ਮੰਡੀ ਵਿੱਚ ਲੱਗਿਆ ਇਹ ਮੋਰਚਾ 8 ਸਤੰਬਰ ਨੂੰ ਸੌ ਦਿਨ ਪੂਰੇ ਕਰ ਗਿਆ। ਇਸ ਸੰਘਰਸ਼ ਨੇ ਬਿਨਾਂ ਸ਼ੱਕ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਸਮਾਜਿਕ, ਧਾਰਮਿਕ ਅਤੇ ਸਿਆਸੀ ਤੌਰ ‘ਤੇ ਕਾਫ਼ੀ ਢਾਹ ਲਾਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮੋਰਚੇ ਨੂੰ ਪੰਜਾਬ ਸਰਕਾਰ ਦੀ ਸ਼ਹਿ ਹੋਣ ਦਾ ਦੋਸ਼ ਵੀ ਲਾਉਂਦੇ ਰਹੇ ਹਨ। ਕਾਂਗਰਸ ਦੇ ਮੰਤਰੀਆਂ ਦਾ ਕਈ ਵਾਰ ਇੱਥੇ ਆਉਣਾ ਵੀ ਚਰਚਾ ਦਾ ਵਿਸ਼ਾ ਰਿਹਾ ਤੇ ਇਹ ਚਰਚਾ ਵੀ ਰਹੀ ਕਿ ਕਾਂਗਰਸ ਹੁਣ ਅਕਾਲੀ ਦਲ ਦੇ ਪੰਥਕ ਏਜੰਡੇ ਨੂੰ ਹਥਿਆਉਣਾ ਚਾਹੁੰਦੀ ਹੈ।
ਕਰੀਬ ਸਵਾ ਕੁ ਤਿੰਨ ਸਾਲ ਪਹਿਲਾਂ ਜੂਨ 2015 ਵਿੱਚ ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ ਬਰਗਾੜੀ ਉਸ ਵੇਲੇ ਅਚਾਨਕ ਸੁਰਖੀਆਂ ਵਿੱਚ ਅਇਆ ਜਦੋਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਤਤਕਾਲੀ ਅਤੇ ਮੌਜੂਦਾ ਸਰਕਾਰ ਵੱਲੋਂ ਇਸ ਕਾਂਡ ਦੀ ਜਾਂਚ ਵਿੱਚ ਲੰਮਾ ਸਮਾਂ ਲਏ ਜਾਣ ਕਾਰਨ ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਨੂੰ ਲੋਕ ਰੋਹ ਦਾ ਵੀ ਸਾਹਮਣਾ ਕਰਨਾ ਪਿਆ। ਇਸੇ ਥਾਂ ‘ਤੇ ਇਨ੍ਹਾਂ ਸੌ ਦਿਨਾਂ ਦੌਰਾਨ ਪੰਥਕ ਜਥੇਬੰਦੀਆਂ ਤੋਂ ਇਲਾਵਾ ਵਿਰੋਧੀ ਧਿਰ ‘ਆਪ’ ਦੇ ਆਗੂ ਵਜੋਂ ਸੁਖਪਾਲ ਸਿੰਘ ਖਹਿਰਾ ਅਤੇ ਹਰਪਾਲ ਸਿੰਘ ਚੀਮਾ ਸਣੇ ਅਨੇਕ ਪ੍ਰਸਿੱਧ ਹਸਤੀਆਂ ਦਾ ਵੀ ਮੋਰਚੇ ‘ਚ ਆਉਣ-ਜਾਣ ਰਿਹਾ। ਮੋਰਚੇ ਦੇ ਪ੍ਰਬੰਧਕਾਂ ਨੇ ਫੇਰਾ ਪਾਉਣ ਵਾਲੇ ਹਰ ਮਹਿਮਾਨ ਨੂੰ ਸਤਿਕਾਰ ਦਿੱਤਾ ਤੇ ਆਪਣੇ ਵਿਚਾਰ ਰੱਖਣ ਲਈ ਮੰਚ ਤੋਂ ਸਮਾਂ ਵੀ ਦਿੱਤਾ। ਹਾਲ ਹੀ ਵਿੱਚ ਇੰਟਰਨੈਸ਼ਨਲ ਤਰਨਾ ਦਲ ਦੇ ਸਿੰਘਾਂ ਨੇ ਜਥੇਦਾਰ ਰਾਜਾ ਰਾਜ ਸਿੰਘ ਦੀ ਅਗਵਾਈ ਵਿੱਚ ਇੱਥੇ ਆ ਕੇ ਡੇਰੇ ਲਾ ਲਏ ਹਨ। ਇਸ ਜਥੇਬੰਦੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿੱਤਾ ਹੈ। ਮੋਰਚੇ ਨੂੰ ਸਮਰਥਨ ਦੇਣ ਲਈ ਪੰਜਾਬ ਭਰ ਤੋਂ ਸਿੱਖ ਸੰਗਤ ਦੇ ਜਥੇ ਇੱਥੇ ਪਹੁੰਚ ਰਹੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਪਿੱਛੋਂ ਲੋਕਾਂ ਦੀ ਸ਼ਮੂਲੀਅਤ ਮੋਰਚੇ ਵਿੱਚ ਵਧ ਗਈ ਹੈ ਤੇ ਅੱਜ ਐਤਵਾਰ ਤੱਕ ਇਹ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਚੁੱਕੀ ਸੀ।
ਮੋਰਚੇ ਦੇ ਆਰੰਭ ਵੇਲੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੋ ਵਾਰ ਜਥੇਦਾਰ ਮੰਡ ਨਾਲ ਮੁਲਾਕਾਤ ਕੀਤੀ ਸੀ। ਮੰਤਰੀ ਦੀ ਪਹਿਲ ‘ਤੇ ਮੋਰਚਾ ਪ੍ਰਬੰਧਕਾਂ ਦੇ ਇੱਕ ਵਫ਼ਦ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਜਾਪਦਾ ਸੀ ਕਿ ਸਰਕਾਰ ਇਸ ਮੋਰਚੇ ਨੂੰ ਸਮੇਟਣ ਲਈ ਸਕਾਰਾਤਮਕ ਹੁੰਗਾਰਾ ਭਰੇਗੀ। ਪਰ ਜਥੇਦਾਰ ਮੰਡ ਕੈਪਟਨ ਸਰਕਾਰ ਦੀ ਪਹੁੰਚ ਤੋਂ ਬਹੁਤੇ ਸੰਤੁਸ਼ਟ ਨਜ਼ਰ ਨਹੀਂ ਆਉਂਦੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਬਹਿਸ ਲਈ ਲੈ ਕੇ ਆਉਣ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਇਹ ਕਿਆਸ-ਅਰਾਈਆਂ ਹੋਰ ਮੱਧਮ ਪੈ ਗਈਆਂ। ਇਸ ਤੋਂ ਇਲਾਵਾ 5 ਸਤੰਬਰ ਨੂੰ ਕਾਂਗਰਸ ਦੇ ਸੂਬਾਈ ਪ੍ਰਧਾਨ ਦੀ ਅਗਵਾਈ ‘ਚ ਅੱਧੀ ਦਰਜਨ ਕੈਬਨਿਟ ਮੰਤਰੀਆਂ ਵੱਲੋਂ ਬੇਅਦਬੀ ਘਟਨਾਵਾਂ ਨਾਲ ਸਬੰਧਤ ਪਿੰਡਾਂ ਦੇ ਦੌਰੇ ਮੌਕੇ ਬਰਗਾੜੀ ਪਿੰਡ ਵਿੱਚੋਂ ਮੋਰਚਾ ਸਥਾਨ ਲਾਗਿਓਂ ਬਿਨਾਂ ਰੁਕੇ ਅੱਗੇ ਲੰਘ ਜਾਣਾ ਸਪੱਸ਼ਟ ਕਰ ਗਿਆ ਕਿ ਵਿਧਾਨ ਸਭਾ ‘ਚ ਹੋਈ ਬਹਿਸ ਪਿੱਛੋਂ ਪੰਥਕ ਸਫ਼ਾਂ ‘ਚ ਬਣੀ ਆਪਣੀ ਪੈਂਠ ਨੂੰ ਕਾਂਗਰਸ ਗੁਆਉਣਾ ਨਹੀਂ ਚਾਹੁੰਦੀ। ਲੋਕ ਸਮੱਸਿਆਵਾਂ ਲਈ ਜੂਝਣ ਵਾਲੀਆਂ ਸੰਘਰਸ਼ਸ਼ੀਲ ਜਮਹੂਰੀ ਧਿਰਾਂ ਦਾ ਮੰਨਣਾ ਹੈ ਕਿ ਇਸ ਮੁੱਦੇ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੇ ਪੱਧਰ ‘ਤੇ ਟੁੰਬਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੇਅਦਬੀ ਮੁੱਦੇ ਦੇ ਉੱਭਰਨ ਕਾਰਨ ਸਰਕਾਰ ਲਈ ਸਿਰਦਰਦੀ ਬਣੇ ਨਸ਼ੇ, ਬੇਰੁਜ਼ਗਾਰੀ ਵਰਗੇ ਅਹਿਮ ਮੁੱਦਿਆਂ ਤੋਂ ਆਮ ਲੋਕਾਂ ਦਾ ਧਿਆਨ ਵੀ ਪਾਸੇ ਹੋ ਗਿਆ ਹੈ।
ਮੋਰਚੇ ਦੇ ਮੁੱਖ ਕਮਾਂਡਰ ਭਾਈ ਧਿਆਨ ਸਿੰਘ ਮੰਡ ਨੇ ਗੱਲਬਾਤ ਦੌਰਾਨ ਕਈ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਆਖਿਆ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਹੁਣ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਵੇਲੇ ਦੇ ਸਰਕਾਰੀ ਤੰਤਰ ਨੂੰ ਦੋਸ਼ੀ ਮੰਨਿਆ ਹੈ ਤਾਂ ਕੈਪਟਨ ਸਰਕਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕਿਉਂ ਕਤਰਾ ਰਹੀ ਹੈ? ਜਥੇਦਾਰ ਨੇ ਕੈਪਟਨ ਅਤੇ ਬਾਦਲ ਉੱਤੇ ਦੋਸਤਾਨਾ ਮੈਚ ਖੇਡਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਬਾਦਲ ਪਰਿਵਾਰ ‘ਤੇ ਕੁਰਬਾਨੀਆਂ ਵਾਲੇ ਅਕਾਲੀ ਦਲ ਨੂੰ ਅਗਵਾ ਕਰਨ ਦਾ ਇਲਜ਼ਾਮ ਲਾਉਂਦਿਆਂ ਆਖਿਆ ਕਿ ਇਹ ਮੋਰਚਾ ਪੰਥ ਦੇ ਹਿੱਤ ਵਿੱਚ ਕਾਰਜਸ਼ੀਲ ਇਕਾਈਆਂ ਨੂੰ ਆਜ਼ਾਦ ਕਰੇਗਾ। ਉਨ੍ਹਾਂ ਕਿਹਾ ਕਿ ਵਾਜਬ ਸੰਘਰਸ਼ ਕਰ ਰਹੇ ਆਗੂਆਂ ਨੂੰ ਸੁਖਬੀਰ ਬਾਦਲ ਵਾਂਗ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਹਰ ਹਾਲ ਗ਼ਲਤ ਗਰਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਅਗਲੀ ਜਾਂਚ ਭਾਵੇਂ ਸੀ.ਬੀ.ਆਈ. ਕਰੇ ਜਾਂ ਐਸ.ਆਈ.ਟੀ. ਪਰ ਨਿਆਂ ਮਿਲਣ ਤੱਕ ਮੋਰਚਾ ਸਮਾਪਤ ਨਹੀਂ ਹੋਵੇਗਾ। ਉਨ੍ਹਾਂ ਸਖ਼ਤ ਟਿੱਪਣੀ ਕੀਤੀ ਕਿ ਜੇ ਕਾਂਗਰਸ ਸਰਕਾਰ ਨੇ ਇਨਸਾਫ਼ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਭਾਈ ਮੰਡ ਦੀ ਗੱਲਬਾਤ ਤੋਂ ਜਾਪਦਾ ਹੈ ਕਿ ਅਕਾਲੀ ਦਲ ਲਈ ਮੁਸੀਬਤਾਂ ਖੜ੍ਹੀਆਂ ਕਰਨ ਮਗਰੋਂ ਕਾਂਗਰਸ ਵੀ ਇਸ ਮੋਰਚੇ ਦੀ ਜ਼ਦ ਵਿੱਚ ਆ ਸਕਦੀ ਹੈ।
ਮੋਰਚੇ ਦੀ ਕਮਾਨ ਸੰਭਾਲ ਰਹੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਨੇ ਇਹ ਗੱਲ ਸਾਬਿਤ ਕੀਤੀ ਹੈ ਕਿ ਬਹਿਬਲ ਕਲਾਂ ਕਾਂਡ ਵਿੱਚ ਉਸ ਵੇਲੇ ਦੀ ਸਰਕਾਰ ਦਾ ਹੀ ਹੱਥ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਹੋਣ ਤੱਕ ਮੋਰਚਾ ਜਾਰੀ ਰਹੇਗਾ। ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੱਕੇ ਮੋਰਚੇ ਵਾਲੀ ਥਾਂ ਦੇ ਆਸ-ਪਾਸ ਪੁਲੀਸ ਸੁਰੱਖਿਆ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਲਾਈ ਗਈ ਹੈ।
ਸੂਤਰਾਂ ਅਨੁਸਾਰ ਮੋਰਚੇ ਵਿੱਚ ਪਹਿਲਾਂ 100 ਤੋਂ 200 ਵਿਅਕਤੀ ਸ਼ਾਮਿਲ ਹੁੰਦੇ ਸਨ ਪਰ ਹੁਣ ਇਹ ਗਿਣਤੀ 1500 ਤੋਂ 2000 ਤੱਕ ਪੁੱਜ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਮੋਰਚਾ ਅਜਿਹੀਆਂ ਧਿਰਾਂ ਵੱਲੋਂ ਲਗਾਇਆ ਜਾ ਰਿਹਾ ਹੈ ਜੋ ਪੰਜਾਬ ਵਿੱਚ ਅਮਨ-ਸ਼ਾਂਤੀ ਨਹੀਂ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਮੋਰਚੇ ਦੇ ਨਾਂ ‘ਤੇ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।