ਬਲਵੰਤ ਸਿੰਘ ਨੰਦਗੜ੍ਹ ਨੂੰ ਹੋਇਆ ਕਾਂਗਰਸੀਆਂ ਦਾ ਹੇਜ

0
1135

balwant-singh-nandgarh
ਬਠਿੰਡਾ/ਬਿਊਰੋ ਨਿਊਜ਼:
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਭਰੇ ਮਨ ਨਾਲ ਨਗਰ ਪੰਚਾਇਤ, ਤਲਵੰਡੀ ਸਾਬੋ ਦੀ ਹੋਈ ਚੋਣ ਵਿੱਚ ਕਾਂਗਰਸ ਨੂੰ ਵੋਟ ਪਾਈ ਹੈ। ਜਥੇਦਾਰ ਅਤੇ ਉਨ੍ਹਾਂ ਦੀ ਪਤਨੀ ਦੀ ਵੋਟ ਤਲਵੰਡੀ ਸਾਬੋ ਦੇ ਵਾਰਡ ਨੰਬਰ ਇੱਕ ਵਿੱਚ ਬਣੀ ਹੋਈ ਹੈ, ਜਿੱਥੇ ਅਕਾਲੀ ਦਲ ਦੇ ਉਮੀਦਵਾਰ ਬਾਬੂ ਸਿੰਘ ਹਨ ਜਦੋਂਕਿ ਕਾਂਗਰਸ ਦੀ ਉਮੀਦਵਾਰ ਬਲਵਿੰਦਰ ਕੌਰ ਹੈ।
ਜਥੇਦਾਰ ਨੰਦਗੜ੍ਹ ਦੀ ਪਤਨੀ ਨੇ ਵੀ ਕਾਂਗਰਸ ਨੂੰ ਵੋਟ ਪਾਈ। ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਪੰਥਕ ਅਲੰਬਰਦਾਰ ਹੁੰਦਾ ਸੀ ਪਰ ਬਾਦਲ ਪਰਿਵਾਰ ਨੇ ਦਲ ਦਾ ਵਜੂਦ ਰੋਲ ਕੇ ਰੱਖ ਦਿੱਤਾ ਹੈ। ਹੁਣ ਇਹ ਅਕਾਲੀ ਦਲ ਸਿਰਫ਼ ਦਿਖਾਵੇ ਦਾ ਹੈ ਅਤੇ ਅਸਲ ਵਿੱਚ ਇਹ ਬਾਦਲ ਦਲ ਬਣ ਚੁੱਕਿਆ ਹੈ।  ਵੋਟ ਪਾਉਣ ਮਗਰੋਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਅੱਜ 20 ਵਰ੍ਹਿਆਂ ਮਗਰੋਂ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ ਅਤੇ 77 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਭਰੇ ਮਨ ਨਾਲ ਕਾਂਗਰਸ ਨੂੰ ਵੋਟ ਪਾਉਣੀ ਪਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਜਦੋਂ ਵੋਟ ਕਾਂਗਰਸੀ ਉਮੀਦਵਾਰ ਨੂੰ ਪਾਉਣੀ ਪਈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੇ ਪੱਧਰ ‘ਤੇ ਵਾਪਰੀਆਂ ਸਨ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਅਕਾਲੀ ਦਲ ਨੂੰ ਵੋਟ ਪਾਉਣ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਭਵਿੱਖ ਵਿੱਚ ਵੀ ਆਪਣੀ ਵੋਟ ਬਾਦਲ ਦਲ ਦੇ ਉਲਟ ਪਾਉਣਗੇ।  ਜਥੇਦਾਰ ਨੰਦਗੜ੍ਹ ਨੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਚਾਲਾਂ ਤੋਂ ਬਚ ਕੇ ਰਹਿਣ।