ਬਹਿਬਲ ਕਾਂਡ ‘ਚ ਪੁਲੀਸ ਅਧਿਕਾਰੀਆਂ ਨੂੰ ਅਦਾਲਤ ਨੇ ਆਰਜ਼ੀ ਰਾਹਤ ਦਿੱਤੀ

0
282

bahibali
ਬਹਿਬਲ ਕਾਂਡ ਵਿੱਚ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ।
ਫ਼ਰੀਦਕੋਟ/ਬਿਊਰੋ ਨਿਊਜ਼ :
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਮਗਰੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੌਰਾਨ ਅਕਤੂਬਰ 2015 ਵਿੱਚ ਵਾਪਰੇ ਬਹੁ-ਚਰਚਿਤ ਬਹਿਬਲ ਕਾਂਡ ਵਿੱਚ ਘਿਰੇ ਪੁਲੀਸ ਅਧਿਕਾਰੀਆਂ ਨੂੰ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਤੋਂ ਆਰਜ਼ੀ ਰਾਹਤ ਮਿਲ ਗਈ ਹੈ।
ਜਾਣਕਾਰੀ ਅਨੁਸਾਰ ਸਥਾਨਕ ਇਲਾਕਾ ਮੈਜਿਸਟਰੇਟ ਸ਼ਵੇਤਾ ਦਾਸ ਨੇ ਬਾਜਾਖਾਨਾ ਪੁਲੀਸ ਤੋਂ ਬਹਿਬਲ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਬੰਧੀ ਦਰਜ ਹੋਏ ਪਰਚੇ ਦੀ ਸਟੇਟਸ ਰਿਪੋਰਟ ਮੰਗੀ ਸੀ। ਪੁਲੀਸ ਨੇ ਆਪਣੀ ਸਟੇਟਸ ਰਿਪੋਰਟ ਵਿੱਚ ਅਦਾਲਤ ਨੂੰ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਅਜੇ ਪੜਤਾਲ ਕਰ ਰਹੀ ਹੈ। ਅਦਾਲਤ ਨੇ ਪੁਲੀਸ ਦੀ ਪੜਤਾਲ ਮੁਕੰਮਲ ਹੋਣ ਤੱਕ ਅਗਲੀ ਕਾਰਵਾਈ ਕਰਨ ‘ਤੇ ਰੋਕ ਲਾ ਦਿੱਤੀ ਹੈ ਅਤੇ ਪੁਲੀਸ ਨੂੰ ਹੁਕਮ ਦਿੱਤਾ ਹੈ ਕਿ ਉਹ ਪੜਤਾਲ ਦੀ ਮੁਕੰਮਲ ਰਿਪੋਰਟ 7 ਅਪਰੈਲ 2018 ਤੱਕ ਅਦਾਲਤ ਸਾਹਮਣੇ ਪੇਸ਼ ਕਰੇ। ਪੁਲੀਸ ਨੇ ਇਹ ਰਿਪੋਰਟ 29 ਜਨਵਰੀ ਤੱਕ ਅਦਾਲਤ ਵਿੱਚ ਪੇਸ਼ ਕਰਨੀ ਸੀ, ਪਰ ਪੜਤਾਲ ਮੁਕੰਮਲ ਨਾ ਹੋਣ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 7 ਅਪਰੈਲ ‘ਤੇ ਪਾ ਦਿੱਤੀ ਹੈ। ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਮਗਰੋਂ ਬਠਿੰਡਾ ਰੋਡ ‘ਤੇ ਪਿੰਡ ਬਹਿਬਲ ਨੇੜੇ ਸਿੱਖ ਸੰਗਤਾਂ ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਨ, ਜਿਨ੍ਹਾਂ ਉੱਪਰ ਪੁਲੀਸ ਵੱਲੋਂ ਗੋਲੀ ਚਲਾਈ ਗਈ ਸੀ। ਇਸ ਗੋਲੀ ਕਾਂਡ ਵਿੱਚ ਦੋ ਸਿੱਖ ਵਿਅਕਤੀਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ ਸੀ। ਜ਼ਿਲ੍ਹਾ ਪੁਲੀਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਐੱਫਆਈਆਰ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਡਾਇਰੈਕਟਰ ਨੇ ਉੱਚ ਪੱਧਰੀ ਪੜਤਾਲ ਮਗਰੋਂ 21 ਅਕਤੂਬਰ 2015 ਨੂੰ ਅਣਪਛਾਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 307, 302, 120 ਬੀ/34 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਕੇਸ ਦਰਜ ਕੀਤਾ ਸੀ। ਜਸਟਿਸ ਜ਼ੋਰਾ ਸਿੰਘ ਦੀ ਜਾਂਚ ਦੌਰਾਨ ਵੀ ਕਿਸੇ ਪੁਲੀਸ ਮੁਲਾਜ਼ਮ ਜਾਂ ਅਧਿਕਾਰੀ ਨੂੰ ਗੋਲੀ ਕਾਂਡ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਜਾਂਚ ਦੌਰਾਨ ਕਿਸੇ ਪੁਲੀਸ ਅਧਿਕਾਰੀ ਦਾ ਨਾਮ ਸਾਹਮਣੇ ਆਇਆ ਹੈ। ਸਰਕਾਰ ਅਤੇ ਪੁਲੀਸ ਵੱਲੋਂ ਦੋਸ਼ੀਆਂ ਖ਼ਿਲਾਫ਼ ਲੰਮਾ ਸਮਾਂ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨ ਪੀੜਤ ਪਰਿਵਾਰਾਂ ਨੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਇਸਤਗਾਸਾ ਦਾਇਰ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਇਸ ਮਾਮਲੇ ਵਿੱਚ ਘਟਨਾ ਨਾਲ ਜੁੜੇ ਸਾਰੇ ਗਵਾਹ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ ਤੇ ਹੁਣ ਅਗਲੀ ਕਾਰਵਾਈ ਪੁਲੀਸ ਦੀ ਜਾਂਚ ਰਿਪੋਰਟ ਤਿਆਰ ਹੋਣ ਮਗਰੋਂ ਹੀ ਹੋਵੇਗੀ। ਸ਼ਿਕਾਇਤਕਰਤਾ ਰੇਸ਼ਮ ਸਿੰਘ ਨੇ ਅਦਾਲਤ ਵਿੱਚ ਫ਼ਰੀਦਕੋਟ ਦੇ ਸਾਬਕਾ ਐੱਸਐੱਸਪੀ, ਐੱਸਪੀ ਅਤੇ ਇੱਕ ਇੰਸਪੈਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੋਈ ਹੈ।