ਬੇਅਦਬੀ ਮਾਮਲੇ ਵਿਚ ਸਪੀਕਰ ਨੈਤਿਕ ਤੌਰ ‘ਤੇ ਅਸਤੀਫਾ ਦੇਣ : ਪ੍ਰੋ. ਬਡੂੰਗਰ

0
616

badungar
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਰ ਪਾਰਕਿੰਗ ਲਈ ਨੀਂਹ ਪੱਥਰ ਰੱਖਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਵਿਧਾਨ ਸਭਾ ਸਪੀਕਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਹੇ ਹਨ। ਸਦਨ ਵਿਚ ਵਿਧਾਇਕਾਂ ਦੀਆਂ ਦਸਤਾਰਾਂ ਅਤੇ ਦੁਪੱਟਿਆਂ ਦੀ ਬੇਅਦਬੀ ਦੇ ਮਾਮਲੇ ਵਿਚ ਸਪੀਕਰ ਨੂੰ ਨੈਤਿਕ ਤੌਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ। ਇਸ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ਿੰਮੇਵਾਰ ਹਨ ਅਤੇ ਮਾਰਸ਼ਲਾਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਹ ਅੱਜ ਇੱਥੇ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਈ ਜਾਣ ਵਾਲੀ ਕਾਰ ਪਾਰਕਿੰਗ ਦਾ ਨੀਂਹ ਪੱਥਰ ਰੱਖਣ ਆਏ ਸਨ।
ਇਸ ਮੌਕੇ ਪ੍ਰੋ. ਬਡੂੰਗਰ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲੀ ਵਾਰ ਮਰਿਆਦਾ ਦਾ ਘਾਣ ਕੀਤਾ ਗਿਆ, ਜਿਸ ਲਈ ਨੈਤਿਕ ਤੌਰ ‘ਤੇ ਸਪੀਕਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 26 ਜੂਨ ਨੂੰ ਸੱਦੀ ਮੀਟਿੰਗ ਵਿਚ ਵੀ ਵਿਚਾਰਿਆ ਜਾਵੇਗਾ। ਕਾਂਗਰਸ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ।
ਸਾਕਾ ਨੀਲਾ ਤਾਰਾ ਸਮੇਂ ਫੂਕੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਭਾਈ ਗੁਰਦਾਸ ਹਾਲ ਨੇੜੇ ਖਾਲੀ ਹੋਈ ਸਕੂਲ ਇਮਾਰਤ ਵਿਚ ਬਣਾਉਣ ਸਬੰਧੀ ਉਨ੍ਹਾਂ ਆਖਿਆ ਕਿ ਲਾਇਬ੍ਰੇਰੀ ਦੀ ਪੁਰਾਣੀ ਸ਼ਾਨ ਬਹਾਲ ਕੀਤੀ ਜਾਵੇਗੀ। ਇੱਥੇ ਵੱਡੀ ਇਮਾਰਤ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਕਾਇਮ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਰਾਮ ਤਲਾਈ ਚੌਕ ਵਿਚ ਬਣਾਈ ਜਾਣ ਵਾਲੀ ਕਾਰ ਪਾਰਕਿੰਗ ਦਾ ਨੀਂਹ ਪੱਥਰ ਰੱਖਿਆ ਅਤੇ ਵਿਰਾਸਤੀ ਮਾਰਗ ‘ਤੇ ਸੰਗਤ ਦੀ ਸਹੂਲਤ ਲਈ ਪਿਆਓ ਤਿਆਰ ਕਰਨ ਦੀ ਆਰੰਭਤਾ ਕੀਤੀ। ਲਗਪਗ 27 ਕਨਾਲ ਥਾਂ ਵਿਚ ਬਣਨ ਵਾਲੀ ਇਸ ਪਾਰਕਿੰਗ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।