ਪ੍ਰਕਾਸ਼ ਸਿੰਘ ਬਾਦਲ ਲੰਬੀ ਅਤੇ ਸੁਖਬੀਰ ਬਾਦਲ ਜਲਾਲਾਬਾਦ ਤੋਂ ਲੜਨਗੇ ਚੋਣ

0
344

badals
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁਕਤਸਰ ਜ਼ਿਲ੍ਹੇ ਵਿਚਲੇ ਆਪਣੇ ਰਵਾਇਤੀ ਵਿਧਾਨ ਸਭਾ ਹਲਕੇ ਲੰਬੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ (ਫਾਜ਼ਿਲਕਾ) ਤੋਂ ਹੀ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਹਾਂ ਬਾਦਲਾਂ ਦੀਆਂ ਟਿਕਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ ਨੇ ਖਰੜ, ਪਟਿਆਲਾ (ਸ਼ਹਿਰ) ਅਤੇ ਅੰਮ੍ਰਿਤਸਰ (ਦੱਖਣੀ) ਤਿੰਨ ਵਿਧਾਨ ਸਭਾ ਹਲਕਿਆਂ ਤੋਂ ਅਜੇ ਤਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਵੱਲੋਂ ਬਾਦਲਾਂ ਦੀਆਂ ਟਿਕਟਾਂ ਦਾ ਐਲਾਨ ਚੋਣ ਜ਼ਾਬਤਾ ਲੱਗਣ ਦੇ ਇਕ ਦਿਨ ਬਾਅਦ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਆਗੂ ਜਰਨੈਲ ਸਿੰਘ ਟੱਕਰ ਦੇਣਗੇ ਅਤੇ ਉਪ ਮੁੱਖ ਮੰਤਰੀ ਦੇ ਮੁਕਾਬਲੇ ‘ਆਪ’ ਵੱਲੋਂ ਕਾਮੇਡੀਅਨ ਤੋਂ ਨੇਤਾ ਬਣੇ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਰਨੈਲ ਸਿੰਘ ਦਿੱਲੀ ਦੇ ਸਿੱਖ ਆਗੂ ਹਨ ਜਿਨ੍ਹਾਂ ਅਜੇ ਆਪਣੀ ਵੋਟ ਵੀ ਬਣਾਉਣੀ ਹੈ। ਦਿਲਚਸਪ ਤੱਥ ਇਹ ਹੈ ਕਿ ਜਲਾਲਾਬਾਦ ਹਲਕੇ ਨਾਲ ਸਬੰਧਤ ਰਾਏ ਸਿੱਖ ਆਗੂ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਅਤੇ ਸ੍ਰੀ ਘੁਬਾਇਆ ਦੇ ਪਰਿਵਾਰ ਵੱਲੋਂ ਕੀਤੀ ਬਗ਼ਾਵਤ ਤੋਂ ਬਾਅਦ ਅਕਾਲੀ ਦਲ ਸ਼ਸ਼ੋਪੰਜ ਵਿੱਚ ਨਜ਼ਰ ਆ ਰਿਹਾ ਸੀ। ਉਂਜ ਛੋਟੇ ਬਾਦਲ ਵੱਲੋਂ ਜਲਾਲਾਬਾਦ ਤੋਂ ਹੀ ਚੋਣ ਲੜਨ ਦੇ ਵਾਰ-ਵਾਰ ਸੰਕੇਤ ਦਿੱਤੇ ਜਾ ਰਹੇ ਸਨ। ਉਧਰ ਕਾਂਗਰਸ ਵੱਲੋਂ ਲੰਬੀ ਅਤੇ ਜਲਾਲਾਬਾਦ ਤੋਂ ਹਾਲ ਦੀ ਘੜੀ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੋਵੇਂ ਵਿਧਾਨ ਸਭਾ ਹਲਕੇ ਪੰਜਾਬ ਹੀ ਨਹੀਂ ਸਗੋਂ ਬਾਹਰੀ ਸੂਬਿਆਂ ਅਤੇ ਪਰਵਾਸੀਆਂ ਲਈ ਵੀ ਖਿੱਚ ਦਾ ਕੇਂਦਰ ਬਣ ਗਏ ਹਨ।