ਬਾਬੇ ਨੇ ਕੇਕ ਕੱਟਿਆ, ਵੱਡੇ ਬਾਦਲ ਨੇ ਅਪਣੇ ਪਿੰਡ ‘ਚ ਮਨਾਇਆ ਜਨਮ ਦਿਨ

0
351

badal-birthday

ਪਿੰਡ ਬਾਦਲ ‘ਚ ਵਰਕਰਾਂ ਨਾਲ ਜਨਮ ਦਿਨ ਦਾ ਕੇਟ ਕੱਟਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
ਲੰਬੀ/ਬਿਊਰੋ ਨਿਊਜ਼:
ਨੱਬਿਆਂ ਤੋਂ ਟੱਪੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਕਰਵਾਰ ਨੂੰ ਪਿੰਡ ਬਾਦਲ ਵਿੱਚ ਆਪਣਾ ਜਨਮ ਦਿਨ ਮਨਾਇਆ। ਸਹਿਣਸ਼ੀਲਤਾ ਅਤੇ ਸੂਝ-ਬੂਝ ਨਾਲ ਸਿਆਸੀ ਪੌੜੀਆਂ ਚੜ੍ਹੇ ਸ੍ਰੀ ਬਾਦਲ ਅੱਜ ਜਨਮ ਦਿਨ ਦੇ ਬਹਾਨੇ ਅਕਾਲੀ ਸਫ਼ਾਂ ‘ਚ ਜੋਸ਼ ਭਰ ਗਏ। ਉਂਜ ਉਨ੍ਹਾਂ ਨੂੰ ਆਪਣਾ ਜਨਮ ਵਰ੍ਹੇ ਬਾਰੇ ਪੱਕਾ ਪਤਾ ਨਹੀਂ ਹੈ।
ਪਿੰਡ ਬਾਦਲ ਵਿੱਚ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ‘ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਤੋਂ ਪਹਿਲਾਂ ਅਕਾਲੀ ਵਰਕਰਾਂ ਦੇ ਨਾਲ ਸ੍ਰੀ ਬਾਦਲ ਨੇ ਕੇਕ ਕੱਟਿਆ। ਧਾਰਮਿਕ ਸਮਾਗਮ ਲਈ ਸਮੁੱਚੇ ਪ੍ਰਬੰਧ ਸ੍ਰੀ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਧਰ ‘ਤੇ ਕਰਵਾਏ। ਇਸ ‘ਸਰਪ੍ਰਾਈਜ਼ ਸਮਾਗਮ’ ਬਾਰੇ ਸਾਬਕਾ ਮੁੱਖ ਮੰਤਰੀ ਨੂੰ ਵੀਰਵਾਰ ਦੇਰ ਸ਼ਾਮ ਤੱਕ ਕੋਈ ਸੂਹ ਨਹੀਂ ਸੀ। ਹਾਲਾਂਕਿ ਫਿਰੋਜ਼ਪੁਰ ਜ਼ਿਲ੍ਹੇ ‘ਚ ਧਰਨੇ ਵਿੱਚ ਡਟੇ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੇ ਜਨਮ ਦਿਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਧਰਨੇ ਤੋਂ ਸਵੇਰੇ ਹੀ ਫੋਨ ‘ਤੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਅਤੇ ਪੋਤਰੀ ਹਰਲੀਨ ਕੌਰ ਬਾਦਲ ਧਾਰਮਿਕ ਸਮਾਗਮ ਮੌਕੇ ਮੌਜੂਦ ਸਨ।
ਹਮੇਸ਼ਾ ਵਾਂਗ ਚੁਸਤ-ਦਰੁਸਤ ਨਜ਼ਰ ਆ ਰਹੇ ਸ੍ਰੀ ਬਾਦਲ ਦੀ ਤੰਦਰੁਸਤੀ, ਲੰਮੀ ਉਮਰ ਲਈ ਅਰਦਾਸ ਕੀਤੀ ਗਈ। ਧਾਰਮਿਕ ਸਮਾਗਮ ਵਿੱਚ ਮਹਿਮਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਸੀ।
ਮਹਿਮਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਸੁਖਬੀਰ ਸਿੰਘ ਬਾਦਲ ਦੇ ਉਨ੍ਹਾਂ ਦੇ ਜਨਮ ਦਿਨ ਸਮਾਗਮ ਵਿੱਚ ਸ਼ਾਮਲ ਹੋਣ ਦੀ ਬਜਾਏ ਲੋਕ ਹਿੱਤ ਲਈ ਦਿੱਤੇ ਧਰਨਿਆਂ ‘ਚ ਡਟੇ ਹੋਣ ‘ਤੇ ਖੁਸ਼ੀ ਪ੍ਰਗਟਾਈ। ਸ੍ਰੀ ਬਾਦਲ ਨੇ ਕਿਹਾ ਕਿ ਉਹ ਆਪਣੇ ਅਖ਼ੀਰਲੇ ਪਲ ਤੱਕ ਦੇਸ਼ ਅਤੇ ਪਾਰਟੀ ਲਈ ਸੇਵਾਵਾਂ ਨਿਭਾਉਂਦੇ ਰਹਿਣਗੇ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀ ਕੋਈ ਵਧਾਈ ਨਹੀਂ ਆਈ।

ਬਾਦਲ ਨੇ ਸਾਰੀ ਉਮਰ ਪੰਜਾਬ ਦੇ ਹੱਕ
ਵੇਚਣ ਦਾ ਖਟਿਆ ਖਾਧਾ: ਮਾਨ
ਜਲੰਧਰ/ਬਿਊਰੋ ਨਿਊਜ਼: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਬਾਦਲ ਨੇ ਆਪਣੀ ਉਮਰ ਵਿੱਚ ਪੰਜਾਬ ਜਾਂ ਸਿੱਖ ਕੌਮ ਲਈ ਕੋਈ ਪ੍ਰਾਪਤੀ ਨਹੀਂ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਦਲ ਨੇ ਸਾਰੀ ਉਮਰ ਪੰਜਾਬ ਦੇ ਹੱਕ ਵੇਚ ਕੇ ਰੋਟੀ ਖਾਧੀ ਹੈ। ਇਸ ਲਈ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਬਾਵਜੂਦ ਸ੍ਰੀ ਬਾਦਲ ਦਾ ਨਾਂ ਇਤਿਹਾਸ ‘ਚ ਨਹੀਂ ਲਿਖਿਆ ਜਾਵੇਗਾ।