ਕੈਪਟਨ ਦੇ ਨੇੜਲੇ ਬਾਬਾ ਸਰਬਜੋਤ ਸਿੰਘ ਬੇਦੀ ਪੰਥਕ ਧਿਰਾਂ ਨੂੰ ਇਕ ਮੰਚ ‘ਤੇ ਲਿਆਉਣ ਲਈ ਸਰਗਰਮ

0
189

baba-sarabjot-singh-bedi
ਜੋਧਾਂ ਮਨਸੂਰਾਂ ਵਿਚ 8 ਅਪ੍ਰੈਲ ਨੂੰ ਮੀਟਿੰਗ ਸੱਦੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਸਰਕਾਰ ਬਦਲਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਮੁੜ ਸਰਗਰਮ ਹੋਣ ਦੀਆਂ ਸੂਚਨਾਵਾਂ ਹਨ ਅਤੇ ਉਨ੍ਹਾਂ ਨੇ ਇਕ ਕੇਂਦਰਬਿੰਦੂ ਵਜੋਂ ਪੰਜਾਬ ਵਿਚ ਨਵੀਂ ਪੰਥਕ ਸਫ਼ਬੰਦੀ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਆਰੰਭ ਦਿੱਤੀਆਂ ਹਨ, ਜਿਸ ਤਹਿਤ 8 ਅਪ੍ਰੈਲ ਨੂੰ ਜੋਧਾਂ ਮਨਸੂਰਾ ਲੁਧਿਆਣਾ ਵਿਚ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਭਵਿੱਖੀ ਰੂਪ-ਰੇਖਾ ਤਿਆਰ ਕਰਨ ਦੀ ਯੋਜਨਾ ਘੜੀ ਜਾਵੇਗੀ। ਪੱਤਰਕਾਰ ਗੁਰਸੇਵਕ ਸਿੰਘ ਸੋਹਲ ਵਲੋਂ ਇਕੱਤਰ ਜਾਣਕਾਰੀ ਅਨੁਸਾਰ ਬਾਬਾ ਸਰਬਜੋਤ ਸਿੰਘ ਬੇਦੀ ਇਸ ਦੇ ਕੇਂਦਰਬਿੰਦੂ ਹੋਣਗੇ। ਇਸ ਸਫ਼ਾਬੰਦੀ ਦਾ ਮੁੱਖ ਆਧਾਰ ਮਜੌਦਾ ਸਮੇਂ ਸਿੱਖ ਕੌਮ ਵਿਚ ਵੱਧ ਰਹੇ ਆਪਸੀ ਤਣਾਅ ਨੂੰ ਠੱਲ੍ਹ ਪਾਉਣਾ ਤੇ ਸਮੁੱਚੀ ਏਕਤਾ ਲਈ ਹੰਭਲਾ ਦੱਸਿਆ ਜਾ ਰਿਹਾ ਹੈ ਪਰ ਜਿਸ ਯੋਜਨਾਬੱਧ ਤਰੀਕੇ ਨਾਲ ਇਸ ਸਫ਼ਬੰਦੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਸ ਅਨੁਸਾਰ ਜੇਕਰ ਇਹ ਸਾਰਾ ਕਾਰਜ ਨੇਪਰੇ ਚਾੜ੍ਹ ਦਿੱਤਾ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਿਰਦਰਦੀ ਦਾ ਸਬੱਬ ਬਣ ਸਕਦਾ ਹੈ, ਕਿਉਂਕਿ ਡੇਰਾ ਸਿਰਸਾ ਮਾਮਲੇ ਕਾਰਨ ਸਿੱਖ ਕੌਮ ਅੰਦਰ ਅਕਾਲੀ ਦਲ ਦੀ ਕਾਫੀ ਕਿਰਕਿਰੀ ਹੋਈ ਹੈ। ਦੂਜੇ ਪਾਸੇ ਕਈ ਵੱਡੇ ਤੇ ਅਹਿਮ ਮੰਨੇ ਜਾਂਦੇ ਸਿੱਖ ਸੰਗਠਨਾਂ ਦਾ ਇਕ ਮੰਚ ‘ਤੇ ਆ ਜਾਣਾ, ਜੋ ਕਿ ਨੇੜਲੇ ਇਤਿਹਾਸ ਨੂੰ ਵਾਚਿਆਂ ਅਸੰਭਵ ਜਾਪਦਾ ਹੈ ਆਪਣੇ-ਆਪ ਵਿਚ ਦਿਲਚਸਪ ਹੋਵੇਗਾ। ਪਤਾ ਲੱਗਾ ਹੈ ਕਿ ਸਭ ਤੋਂ ਪਹਿਲਾਂ ਪਿਛਲੇ ਕਾਫੀ ਸਮੇਂ ਤੋਂ ਖਾਸ ਕਰਕੇ ਡੇਰਾ ਸਿਰਸਾ ਮਾਮਲੇ ‘ਤੇ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਜੋ ਆਪਸੀ ਫੁੱਟ ਦਾ ਸ਼ਿਕਾਰ ਹਨ, ਉਨ੍ਹਾਂ ਨਾਲ ਰਾਬਤਾ ਬਣਾਇਆ ਜਾਵੇਗਾ। ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਇਸੇ ਤਰ੍ਹਾਂ ਸਾਬਕਾ ਜਥੇਦਾਰਾਂ, ਮਜੌਦਾ ਸ਼੍ਰੋਮਣੀ ਕਮੇਟੀ ਮੈਂਬਰ ਜੋ ਅਕਾਲੀ ਦਲ ਤੋਂ ਦੂਰ ਜਾ ਚੁੱਕੇ ਹਨ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਸੇ ਤਰ੍ਹਾਂ ਸੰਪ੍ਰਦਾਇ ਨਾਨਕਸਾਰ ਸੇਵਾ ਪੰਥੀ ਨਿਰਮਲੇ ਉਦਾਸੀ ਰਾੜਾ ਸਾਹਿਬ ਨਾਲ ਤਾਲਮੇਲ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਬੱਤ ਖਾਲਸਾ ਧਿਰਾਂ ਤੇ ਸਿੱਖ ਸੰਗਠਨ ਉਸ ਤੋਂ ਬਾਅਦ ਪੰਥਕ ਦਰਦ ਰੱਖਣ ਵਾਲੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਰਾਬਤਾ ਬਣਾਇਆ ਜਾਵੇਗਾ। ਦਮਦਮੀ ਟਕਸਾਲ ਦੇ ਪ੍ਰਮੁੱਖ ਧੜੇ ਅਜਨਾਲਾ ਸੰਗਰਾਵਾਂ ਭਿੰਡਰਾਂ ਕਲਾ ਨਾਲ ਖਾਸ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਸੰਸਥਾਵਾਂ ਖਾਸਕਰ ਸਤਿਕਾਰ ਕਮੇਟੀਆਂ ਦੇ ਜਥਿਆਂ ਤੇ ਪੰਜਾਬ ਭਰ ਵਿਚ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਪੰਜਾਂ ਸਿੰਘਾਂ ਦੇ ਜਥਿਆਂ ਨਾਲ ਸੰਪਰਕ ਬਣਾਇਆ ਗਿਆ ਹੈ। ਇਸ ਸਬੰਧੀ ਜਦੋਂ ਸੱਚ ਕੀ ਬੇਲਾ ਸੰਸਥਾ ਦੇ ਆਗੂ ਅਨਭੋਲ ਸਿੰਘ ਦੀਵਾਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ 8 ਅਪ੍ਰੈਲ ਦੀ ਹੋ ਰਹੀ ਖਾਸ ਮੀਟਿੰਗ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਲੁਧਿਆਣਾ ਜੋਧਾਂ ਮਨਸੂਰਾਂ ਵਿੱਚ ਇਹ ਇਕੱਤਰਤਾ ਤਾਂ ਹੋ ਰਹੀ ਹੈ ਪਰ ਉਨ੍ਹਾਂ ਕੋਈ ਵੀ ਅਗੇਤਾ ਏਜੰਡਾ ਦੱਸਣ ਤੋ ਅਸਮਰੱਥਾ ਪ੍ਰਗਟਾਉਂਦਿਆਂ ਕਿਹਾ ਕਿ ਉਸੇ ਦਿਨ ਸਭ ਕੁਝ ਸਪਸ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਰੇ ਪ੍ਰੋਗਰਾਮ ਦੇ ਕੇਂਦਰਬਿੰਦੂ ਬਾਬਾ ਸਰਬਜੋਤ ਸਿੰਘ ਬੇਦੀ ਹੋਣਗੇ।