ਅਵਤਾਰ ਹੈਨਰੀ ਚੋਣ ਲੜਨ ਤੋਂ ਅਯੋਗ ਕਰਾਰ

0
438

avtar-henrry
ਜਲੰਧਰ/ਬਿਊਰੋ ਨਿਊਜ਼ :
ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਨੂੰ ਵੱਡਾ ਝਟਕਾ ਦਿੰਦਿਆਂ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਦੀ ਵੋਟ ਕੱਟ ਦਿੱਤੀ ਹੈ ਤੇ ਨਾਲ ਹੀ ਉਹ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬਰਤਾਨਵੀ ਪਾਸਪੋਰਟ ਧਾਰਕ ਹੋਣ ਕਾਰਨ ਹਲਕੇ ਦੇ ਰਿਟਰਨਿੰਗ ਅਫਸਰ ਬਰਜਿੰਦਰ ਸਿੰਘ ਨੇ ਉਨ੍ਹਾਂ ਦੀ ਵੋਟ ਕੱਟਣ ਦਾ ਫ਼ੈਸਲਾ ਸੁਣਾਇਆ ਹੈ। ਅਵਤਾਰ ਹੈਨਰੀ 1986 ਤੋਂ ਲੈ ਕੇ 6 ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਕਾਂਗਰਸ ਸਰਕਾਰ ਵੇਲੇ ਮੰਤਰੀ ਵੀ ਰਹਿ ਚੁੱਕੇ ਹਨ। ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਲਗਾਤਾਰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਅਵਤਾਰ ਹੈਨਰੀ ਜਲੰਧਰ ਉੱਤਰੀ ਹਲਕੇ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਵਜੋਂ ਆਪਣੇ ਆਪ ਨੂੰ ਪੇਸ਼ ਕਰ ਰਹੇ ਸਨ ਅਤੇ ਬੀਤੇ ਦਿਨੀਂ ਹਲਕੇ ਦੇ 12 ਮੌਜੂਦਾ ਅਤੇ 8 ਸਾਬਕਾ ਕੌਂਸਲਰਾਂ ਨੇ ਹੈਨਰੀ ਦੇ ਹੱਕ ਵਿਚ ਪ੍ਰੈਸ ਕਾਨਫਰੰਸ ਕਰ ਕੇ ਟਿਕਟ ਦੀ ਵੀ ਮੰਗ ਕੀਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅਵਤਾਰ ਹੈਨਰੀ ਨੇ ਹੁਣ ਆਪਣੇ ਪੁੱਤਰ ਵਾਸਤੇ ਟਿਕਟ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ, ਜਦਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਿੰਦਰ ਬਿੱਟੂ ਵੀ ਇਸੇ ਹਲਕੇ ਤੋਂ ਟਿਕਟ ਲਈ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਜਲੰਧਰ ਉੱਤਰੀ ਦੇ ਕੁਝ ਵੋਟਰਾਂ ਨੇ ਹੀ ਅਵਤਾਰ ਹੈਨਰੀ ‘ਤੇ ਇਤਰਾਜ਼ ਜ਼ਾਹਰ ਕੀਤਾ ਸੀ ਕਿ ਹੈਨਰੀ ਬਰਤਾਨਵੀ ਪਾਸਪੋਰਟ ਧਾਰਕ ਹਨ। 30 ਨਵੰਬਰ 2012 ਨੂੰ ਗ੍ਰਹਿ ਮੰਤਰਾਲੇ ਨੇ ਹੈਨਰੀ ਦੀ ਵੋਟ ਅਤੇ ਉਨ੍ਹਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਸੀ। ਹਾਲਾਂਕਿ 3 ਨਵੰਬਰ 2016 ਨੂੰ ਅਵਤਾਰ ਹੈਨਰੀ ਦੀ ਵੋਟ ਮੁੜ ਬਣਾ ਦਿੱਤੀ ਗਈ ਸੀ। ਰਿਟਰਨਿੰਗ ਅਫਸਰ ਵੱਲੋਂ ਮਾਮਲੇ ਦੀ ਕੀਤੀ ਜਾਂਚ ਮੁਤਾਬਕ ਗ੍ਰਹਿ ਮੰਤਰਾਲੇ ਨੇ 16 ਅਗਸਤ 2012 ਨੂੰ ਸਾਫ ਕੀਤਾ ਸੀ ਕਿ ਅਵਤਾਰ ਹੈਨਰੀ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ ਅਤੇ ਹੁਣ ਵੀ ਭਾਰਤੀ ਨਾਗਰਿਕਤਾ ਸਾਬਿਤ ਨਹੀਂ ਕਰ ਸਕੇ ਹਨ। ਇਸੇ ਆਧਾਰ ‘ਤੇ ਹੀ ਉਨ੍ਹਾਂ ਦੀ ਵੋਟ ਕੱਟ ਦਿੱਤੀ ਗਈ ਹੈ।