ਪਾਕਿਸਤਾਨ ਤੋਂ ਰਿਹਾਅ ਭਾਰਤੀ ਕੈਦੀ ਵਤਨ ਪਰਤਿਆ

0
146

attari-pak
ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤਿਆ ਭਾਰਤੀ ਕੈਦੀ।
ਅਟਾਰੀ/ਬਿਊਰੋ ਨਿਊਜ਼ :
ਪਾਕਿਸਤਾਨ ਸਥਿਤ ਕਰਾਚੀ ਦੀ ਲੰਡੀ ਜੇਲ੍ਹ ਵਿੱਚੋਂ ਰਿਹਾਅ ਹੋਇਆ ਭਾਰਤੀ ਕੈਦੀ ਵੀਰਵਾਰ ਵਾਲੇ ਦਿਨ  ਵਾਹਗਾ-ਅਟਾਰੀ ਸਰਹੱਦ ਰਾਹੀਂ ਵਤਨ ਪਰਤਿਆ। ਪਾਕਿਸਤਾਨ ਰੇਂਜਰਜ਼ ਦੇ ਇੰਸਪੈਕਟਰ ਅਸ਼ਰਫ ਵੱਲੋਂ ਭਾਰਤੀ ਕੈਦੀ ਨੂੰ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਨਿਰਮਲਜੀਤ ਸਿੰਘ ਦੇ ਹਵਾਲੇ ਕੀਤਾ ਗਿਆ। ਪਾਕਿਸਤਾਨ ਤੋਂ ਰਿਹਾਅ ਹੋ ਕੇ ਵਤਨ ਪਰਤਿਆ ਭਾਰਤੀ ਕੈਦੀ ਜਤਿੰਦਰ ਅਰਜਨਵਾਰਾ ਪੁੱਤਰ ਈਸ਼ਵਰ ਪ੍ਰਸਾਦ ਅਰਜਨ ਚਰਵਈ ਵਾਸੀ ਮਾਨੇਗਾਓਂ (ਮੱਧ ਪ੍ਰਦੇਸ਼) ਦਾ ਰਹਿਣ ਵਾਲਾ ਹੈ ਜੋ ਫਰਵਰੀ 2013 ਵਿੱਚ ਮੁੰਨਾਂਬਾਓ ਚੌਕੀ ਰਸਤੇ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋਇਆ ਸੀ। ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮਿਲੀ ਡੇਢ ਸਾਲ ਦੀ ਸਜ਼ਾ ਦੇ ਬਾਵਜੂਦ ਉਸ ਦੀ ਪੰਜ ਸਾਲਾਂ ਬਾਅਦ ਵਤਨ ਵਾਪਸੀ ਹੋਈ ਹੈ। ਵਤਨ ਪਰਤਿਆ ਜਤਿੰਦਰ ਅਰਜਨਵਾਰਾ ਦੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਨਾਇਬ ਤਹਿਸੀਲਦਾਰ ਕਰਨ ਰਾਜ ਸਿੰਘ ਐਂਬੂਲੈਂਸ ਰਾਹੀਂ ਉਸ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਲਈ ਲੈ ਕੇ ਰਵਾਨਾ ਹੋਏ।