ਲੇਖਾਂ ਬਾਰੇ ਬਹਿਸ ਹੋ ਸਕਦੀ ਹੈ ਨਾਵਲਾਂ ਬਾਰੇ ਨਹੀਂ: ਅਰੁੰਧਤੀ

0
334

arundhati-roy
ਨਵੀਂ ਦਿੱਲੀ/ਬਿਊਰੋ ਨਿਊਜ਼
ਇਨ੍ਹੀ ਦਿਨੀਂ ਅਰੁੰਧਤੀ ਰਾਏ ਦੇ ਦੂਜੇ ਨਾਵਲ ‘ਦਿ ਮਿਨੀਸਟਰੀ ਆਫ ਅਟਮੋਸਟ ਹੈੱਪੀਨੈੱਸ’ ਦਾ ਹਿੰਦੀ ਤੇ ਉਰਦੂ ‘ਚ ਅਨੁਵਾਦ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਨਾਵਲ ਦੇ ਪ੍ਰਕਾਸ਼ਕ ਨੇ ਰਾਜਕਮਲ ਪ੍ਰਕਾਸ਼ਨ ਸਮੂਹ ਦੇ 69ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਾਵਲ ਪਹਿਲਾਂ ਦੁਨੀਆਂ ਦੀਆਂ 40 ਭਾਸ਼ਾਵਾਂ ‘ਚ ਅਨੁਵਾਦ ਹੋ ਚੁੱਕਾ ਹੈ ਤੇ ਇਸ ਦਾ ਹਿੰਦੀ ਤੇ ਉਰਦੂ ਤਰਜਮਾ 20 ਅਪਰੈਲ ਤੋਂ ਮੁਹੱਈਆ ਹੋਵੇਗਾ।
ਅਰੁੰਧਤੀ ਰਾਏ ਇਸ ਨਾਵਲ ਦੇ ਹਿੰਦੀ ਤੇ ਉਰਦੂ ‘ਚ ਤਰਜਮੇ ਲਈ ਸ਼ਲਾਘਾ ਕੀਤੀ ਤੇ ਆਪਣੇ ਕਸ਼ਮੀਰੀ ਮਿੱਤਰ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਜਿਸ ਨੇ ਕਿਹਾ ਸੀ ਕਿ ਇਹ ਨਾਵਲ ਅੰਗਰੇਜ਼ੀ ਨਾਲੋਂ ਉਰਦੂ ਦੇ ਵੱਧ ਨੇੜੇ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਲੇਖਕ ਨੇ ਕਿਤਾਬ ਦੇ ਅਨੁਵਾਦ ਦੇ ਕੰਮ ‘ਚ ਸਰਗਰਮੀ ਨਾਲ ਭਾਗ ਲਿਆ ਹੈ। ਅਰੁੰਧਤੀ ਰਾਏ ਜੂਨ ਮਹੀਨੇ ਬਰਤਾਨੀਆ ‘ਚ ਸਾਹਿਤਕ ਅਨੁਵਾਦ ਬਾਰੇ ਲੈਕਚਰ ਵੀ ਦੇਵੇਗੀ। ‘ਵਕਤ ਕੀ ਆਹਟ’ ਨਾਂ ਹੇਠ ਕਰਾਏ ਗਏ ਸਮਾਗਮ ‘ਚ ਰਾਏ ਨੇ ਕਿਹਾ ਕਿ ਉਹ ਆਪਣੇ ਲੇਖਾਂ ਬਾਰੇ ਬਹਿਸ ਕਰ ਸਕਦੀ ਹੈ, ਪਰ ਨਾਵਲਾਂ ਬਾਰੇ ਨਹੀਂ ਕਿਉਂਕਿ ਨਾਵਲ ਵਿੱਚ ਸੱਚ ਦਾ ਦਾਅਵਾ ਲੇਖਕ ਵੱਲੋਂ ਨਹੀਂ ਕੀਤਾ ਜਾਂਦਾ ਬਲਕਿ ਇਹ ਪਾਠਕ ਵੱਲੋਂ ਮਹਿਸੂਸ ਕੀਤਾ ਜਾਂਦਾ ਹੈ।