ਭਾਰਤੀ ਫੌਜ ਦੇ ਮੁਖੀ ਨੇ ਹਰਿਮੰਦਰ ਸਾਹਿਬ ‘ਚ ਸੀਸ ਨਿਵਾਇਆ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਤੋਂ ਲੁੱਟਿਆ ਖਜ਼ਾਨਾ ਵਾਪਸ ਕਰਨ ਦੀ ਮੰਗ

0
294

Bipin Rawat Army chief general  and his wife pay obeisance at the Golden Temple in Amritsar on Sunday photo vishal kumar

 

 

 

 

 

ਅੰਮ੍ਰਿਤਸਰ/ਬਿਊਰੋ ਨਿਊਜ਼ :

ਭਾਰਤੀ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਆਪਣੀ ਪਤਨੀ ਨਾਲ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਰੁਮਾਲਾ ਚੜ੍ਹਾਇਆ ਤੇ ਕੀਰਤਨ ਸਰਵਣ ਕੀਤਾ। ਉਨ੍ਹਾਂ ਅਕਾਲ ਤਖ਼ਤ ‘ਤੇ ਵੀ ਮੱਥਾ ਟੇਕਿਆ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਨਰਲ ਰਾਵਤ ਨੂੰ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਭੇਟ ਕੀਤਾ।
ਉਨ੍ਹਾਂ ਦਰਬਾਰ ਸਾਹਿਬ ਦੀ ਵਿਜ਼ਿਟਰ ਬੁੱਕ ਵਿਚ ਲਿਖਿਆ, ”ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ‘ਤੇ ਮੈਨੂੰ ਅਸ਼ੀਰਵਾਦ ਮਿਲਿਆ ਹੈ। ਸਿੱਖਾਂ ਦੇ ਸਿਧਾਂਤ, ਉਨ੍ਹਾਂ ਦੇ ਜਜ਼ਬੇ ਤੇ ਉਨ੍ਹਾਂ ਦੀ ਬਹਾਦਰੀ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਭਾਰਤੀ ਫ਼ੌਜ ਨੂੰ ਸਿੱਖ ਯੋਧਿਆਂ ‘ਤੇ ਮਾਣ ਹੈ।” ਦੱਸਿਆ ਜਾ ਰਿਹਾ ਹੈ ਕਿ ਭਾਈ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਨਰਲ ਰਾਵਤ ਕੋਲ 1984 ਦੇ ਸਾਕਾ ਨੀਲਾ ਤਾਰਾ ਵੇਲੇ ਸਿੱਖ ਰੈਫਰੈਂਸ ਦੇ ਅਮੁੱਲ ਖ਼ਜ਼ਾਨੇ ਨੂੰ ਫ਼ੌਜ ਵੱਲੋਂ ਚੁੱਕੇ ਜਾਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਜਨਰਲ ਰਾਵਤ ਨੂੰ ਦੱਸਿਆ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਖ਼ਜ਼ਾਨਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਹੀਂ ਕੀਤਾ ਗਿਆ। ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਤੇ ਉਹ ਇਸ ਬਾਰੇ ਪਤਾ ਕਰਨਗੇ। ਉਨ੍ਹਾਂ ਜਨਰਲ ਰਾਵਤ ਕੋਲ ਲੇਹ-ਲੱਦਾਖ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਫ਼ੌਜ ਕੋਲ ਹੈ ਤੇ ਉਹ ਚਾਹੁੰਦੇ ਹਨ ਕਿ ਇਸ ਇਤਿਹਾਸਕ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ। ਜਨਰਲ ਰਾਵਤ ਨੇ ਉਨ੍ਹਾਂ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ।
ਗੌਰਤਲਬ ਹੈ ਕਿ ਸਿੱਖ ਲੰਬੇ ਸਮੇਂ ਤੋਂ ਭਾਰਤ ਵਲੋਂ ਲੁਟਿਆ ਗਿਆ ਸਮਾਨ ਵਾਪਿਸ ਕਰਨ ਦੀ ਮੰਗ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜੋਰਜ ਫਰਨੈਂਡਿਸ ਨੇ ਵੀ ਸਿੱਖਾਂ ਨੂੰ ਇਕ ਵਾਰ ਭਰੋਸਾ ਦਵਾਇਆ ਸੀ ਕਿ ਫੌਜ ਵਲੋਂ ਲੁੱਟਿਆ ਸਮਾਨ ਵਾਪਿਸ ਕੀਤਾ ਜਾਵੇਗਾ, ਪਰ ਅੱਜ ਤਕ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਆਸ਼ੀਰਵਾਦ ਲੈਣ ਆਏ ਸਨ ਤੇ ਵਾਹਿਗੁਰੂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਅਤਿਵਾਦ ਨੂੰ ਦਬਾਉਣ ਲਈ ਬਣਾਈ ਰਣਨੀਤੀ ਠੀਕ ਹੈ। ਉਨ੍ਹਾਂ ਕਿਹਾ ਕਿ ਪੱਥਰਬਾਜ਼ਾਂ ‘ਤੇ ਨਕੇਲ ਕੱਸਣ ਲਈ ਕਾਰਵਾਈਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਪਾਕਿਸਤਾਨ ਦੀ ਦਖ਼ਲਅੰਦਾਜ਼ੀ ਮਾਹੌਲ ਖ਼ਰਾਬ ਕਰ ਰਹੀ ਹੈ। ਸਿੱਖਾਂ ਦੇ ਫ਼ੌਜ ਵਿੱਚ ਘਟਾਏ ਕੋਟੇ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਦਾ ਕੋਟਾ ਘਟਾਇਆ ਨਹੀਂ ਗਿਆ ਹੈ।  ਜਨਰਲ ਰਾਵਤ ਨੇ ਹਰਿਮੰਦਰ ਸਾਹਿਬ ਦੇ ਨੇੜੇ ਬਣੇ ਪਾਰਟੀਸ਼ਨ ਮਿਊਜ਼ੀਅਮ ਦਾ ਵੀ ਦੌਰਾ ਕੀਤਾ। ਉਨ੍ਹਾਂ ਮਿਊਜ਼ੀਅਮ ਦੀ ਵਿਜ਼ਿਟਰ ਬੁੱਕ ਵਿੱਚ ਲਿਖਿਆ ਕਿ ਪਾਰਟੀਸ਼ਨ ਮਿਊਜ਼ੀਅਮ ਵੰਡ ਦੇ ਭਿਆਨਕ ਮਾਹੌਲ ਨੂੰ ਯਾਦ ਕਰਾਉਂਦਾ ਹੈ। ਵੰਡ ਦੌਰਾਨ ਲੋਕਾਂ ਨੂੰ ਬਹੁਤ ਮੁਸੀਬਤਾਂ ਵਿੱਚੋਂ ਲੰਘਣਾ ਪਿਆ ਹੈ। ਜਨਰਲ ਰਾਵਤ ਨੇ ਅਟਾਰੀ ਰੋਡ ‘ਤੇ ਬਣੇ ਵਾਰ ਮੈਮੋਰੀਅਲ ਦਾ ਵੀ ਦੌਰਾ ਕੀਤਾ।