ਰੇਤ ਮਾਫੀਆ ਵੱਲੋਂ ਪੱਤਰਕਾਰਾਂ ਉਤੇ ਜਾਨਲੇਵਾ ਹਮਲਾ

0
87

anti-press-voilence
ਜ਼ਖ਼ਮੀ ਪੱਤਰਕਾਰ ਦੇ ਮੱਲ੍ਹਮ ਪੱਟੀ ਕਰਦਾ ਹੋਇਆ ਮੈਡੀਕਲ ਅਮਲਾ।
ਫ਼ਾਜ਼ਿਲਕਾ/ਬਿਊਰੋ ਨਿਊਜ਼ :
ਪੰਜਾਬ ਵਿਚ ਸਰਕਾਰੀ-ਤੰਤਰ ਦੀ ਸ਼ਹਿ ਪ੍ਰਾਪਤ ਬੇਲਗਾਮ ਰੇਤ ਮਾਫੀਆ ਪਹਿਲਾਂ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਨਾਲ ਮਾਰਕੁੱਟ ਕਰ ਚੁੱਕਾ ਹੈ। ਹੁਣ ਉੱਪ ਮੰਡਲ  ਜਲਾਲਾਬਾਦ ਅਧੀਨ ਪੈਂਦੇ ਪਿੰਡ  ਅਮੀਰ ਖਾਸ ਨੇੜੇ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ ਦੀ ਕਵਰੇਜ ਕਰਨ ਪਹੁੰਚੀ ਪੱਤਰਕਾਰਾਂ ਦੀ ਟੀਮ ‘ਤੇ ਰੇਤ ਮਾਫੀਆ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਤਿੰਨ ਪੱਤਰਕਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਨੀਰਜ ਬਾਲੀ, ਸੰਦੀਪ ਕੁਮਾਰ ਅਤੇ ਪ੍ਰੀਤ ਕੁਮਾਰ ਸ਼ਾਮਲ ਹਨ।ਇਨ੍ਹਾਂ ਵਿਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਹੈ, ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਸੀਨੀਅਰ ਪੁਲੀਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਮੌਕੇ ‘ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਜਲਾਲਾਬਾਦ ਦੇ  ਡੀਐੱਸਪੀ ਅਮਰਜੀਤ ਸਿੰਘ ਸਿੱਧੂ   ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਐੱਸਐੱਚਓ ਭੋਲਾ ਸਿੰਘ ਅਤੇ ਥਾਣਾ ਅਮੀਰ ਖਾਸ ਦੇ ਮੁਖੀ ਇਕਬਾਲ ਖਾਨ ਵੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਮੀਡੀਆ ਦਾ ਰੋਸ ਦੇਖਦਿਆਂ ਡੀਐੱਸਪੀ ਵੱਲੋਂ ਮਾਈਨਿੰਗ ਵਾਲੀ ਥਾਂ ‘ਤੇ ਭਾਰੀ ਪੁਲੀਸ ਫੋਰਸ ਭੇਜ ਦਿੱਤੀ ਪਰ ਫੋਰਸ ਦੇ ਜਾਣ ਤੋਂ ਪਹਿਲਾਂ ਹੀ ਮੁਲਜ਼ਮ ਖਿਸਕ ਗਏ। ਪੁਲੀਸ ਨੇ ਮੌਕੇ ‘ਤੇ ਇੱਕ ਜੇਸੀਬੀ, ਪਾਣੀ ਵਾਲਾ ਟੈਂਕਰ ਅਤੇ ਇੱਕ ਟਰੈਕਟਰ ਆਪਣੇ ਕਬਜ਼ੇ ਵਿੱਚ ਲਿਆ ਹੈ।
ਐੱਸਐੱਸਪੀ ਖੁਰਾਣਾ ਨੇ ਆਖਿਆ ਕਿ ਪੱਤਰਕਾਰਾਂ ‘ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਣਕਾਰੀ ਅਨੁਸਾਰ ਪੱਤਰਕਾਰਾਂ ਦੀ ਟੀਮ ਮਾਈਨਿੰਗ ਦੀ ਕਵਰੇਜ ਲਈ ਪਹੁੰਚੀ ਸੀ, ਜਿਵੇਂ ਹੀ ਉਨ੍ਹਾਂ ਨੇ ਜੇਸੀਬੀ ਮਸ਼ੀਨਾਂ ਅਤੇ ਪੋਕਲਾਈਨ ਨਾਲ ਹੋ ਹੀ ਨਾਜਾਇਜ਼ ਮਾਈਨਿੰਗ ਦੀਆਂ ਤਸਵੀਰਾ ਖਿੱਚਣੀਆਂ ਸ਼ੁਰੂ ਕੀਤੀਆਂ ਤਾਂ ਠੇਕੇਦਾਰ ਅਤੇ ਉਨ੍ਹਾਂ ਦੇ ਕਰਿੰਦਿਆਂ ਨੇ ਪੱਤਰਕਾਰਾਂ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਦੇ ਕੈਮਰੇ ਖੋਹ ਲਏ ਅਤੇ ਕੁਝ ਤੋੜ ਦਿੱਤੇ ਗਏ। ਇਸ ਘਟਨਾ ਵਿੱਚ ਤਿੰਨ ਪੱਤਰਕਾਰਾਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਸਪਤਾਲ ਵਿੱਚ ਕੋਈ ਡਾਕਟਰ ਮੌਜੂਦ ਨਹੀਂ ਸੀ ਅਤੇ ਕਾਫ਼ੀ ਸਮਾਂ ਬਾਅਦ ਇੱਕ ਨਿੱਜੀ ਡਾਕਟਰ ਨੂੰ ਬੁਲਾ ਕੇ ਉਨ੍ਹਾਂ ਦੀ ਮੁੱਢਲੀ ਡਾਕਟਰੀ ਸਹੂਲਤ ਦਿੱਤੀ। ਇਸ ਤੋਂ ਬਾਅਦ ਫਾਜ਼ਿਲਕਾ ਦੇ ਸਿਵਲ ਸਰਜਨ ਉੱਥੇ ਪੁੱਜੇ, ਜਿਨ੍ਹਾਂ ਨੇ ਦੋ ਗੰਭੀਰ ਜ਼ਖ਼ਮੀਆਂ ਨੂੰ ਫਰੀਦਕੋਟ ਰੈਫਰ ਕੀਤਾ।