ਮੋਦੀ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਨਿਰਾ ਵਿਖਾਵਾ-ਅੰਨਾ ਹਜ਼ਾਰੇ

0
289

anna
ਲੋਕਪਾਲ ਦੇ ਮੁੱਦੇ ‘ਤੇ 23 ਮਾਰਚ ਤੋਂ ਪ੍ਰਦਰਸ਼ਨ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼:
ਮੋਦੀ ਸਰਕਾਰ ਵਲੋਂ ਪਿਛਲੇ 4 ਸਾਲਾਂ ਵਿਚ ਲੋਕਪਾਲ ਦੀ ਨਿਯੁਕਤੀ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਭ੍ਰਿਟਾਚਾਰ ਵਿਰੋਧੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਮੋਦੀ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਨਿਰਾ ਵਿਖਾਵਾ ਹੈ।
ਉਨ੍ਹਾਂ ਨੇ ਅਗਲੇ ਸਾਲ 23 ਮਾਰਚ ਨੂੰ ਸਰਕਾਰ ਦੇ ਖ਼ਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਇੱਥੇ ਸਥਿੱਤ ਮਹਾਰਾਸ਼ਟਰ ਸਦਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅੰਨਾ ਹਜ਼ਾਰੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਬਣਾਏ ਜਾਣ ਵਾਲੇ ਲੋਕਪਾਲ ਕਾਨੂੰਨ ‘ਚ ਹਾਲੀਆ ਸੋਧਾਂ ਵਿਚ ਇੱਕ ਮੁੱਖ ਬਿੰਦੂ ਨੂੰ ਹਟਾ ਦਿੱਤਾ ਗਿਆ ਹੈ। ਇਸ ਅਨੁਸਾਰ ਲੋਕ ਸੇਵਕਾਂ ਨੂੰ ਆਪਣੀ ਜਾਇਦਾਦ ਦਾ ਐਲਾਨ ਕਰਨਾ ਲਾਜ਼ਮੀ ਸੀ, ਇਸ ਨਾਲ ਭ੍ਰਿਸ਼ਟਾਚਾਰ ਦੇ ਖ਼ਿਲਾਫ ਲੜਾਈ ਬਾਰੇ ਸਰਕਾਰ ਦੇ ਇਰਾਦਿਆਂ ਬਾਰੇ ਸਵਾਲ ਉਠਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਹਾਨਾ ਬਣਾ ਰਹੀ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਨਾ ਹੋਣ ਕਾਰਨ ਲੋਕਪਾਲ ਦੀ ਨਿਯੁਕਤੀ ਨਹੀਂ ਹੋ ਸਕਦੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਘੱਟ ਤੋਂ ਘੱਟ ਭਾਜਪਾ ਸ਼ਾਸਿਤ ਰਾਜਾਂ ਵਿਚ ਲੋਕਾਯੁਕਤਾਂ ਦੀ ਨਿਯੁਕਤੀ ਤਾਂ ਕੀਤੀ ਜਾ ਸਕਦੀ ਸੀ। ਅੰਨਾ ਨੇ ਆਖਿਆ ਕਿ ਉਨ੍ਹਾਂ ਨੇ ਐਨ. ਡੀ. ਏ. ਸਰਕਾਰ ਨੂੰ 30 ਤੋਂ ਜ਼ਿਆਦਾ ਚਿੱਠੀਆਂ ਲਿਖੀਆ ਸਨ, ਜਿਸ ਵਿਚ ਲੋਕਪਾਲ ਦੀ ਨਿਯੁਕਤੀ ਨਾ ਹੋਣ ‘ਤੇ ਸਵਾਲ ਉਠਾਇਆ ਗਿਆ ਸੀ ਪਰ ਇਸ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਮਿਲੀ ਅਤੇ ਉਨ੍ਹਾਂ ਦੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਅੰਨਾ ਨੇ ਦੇਸ਼ ਵਿਚ ਕਿਸਾਨਾਂ ਦੀ ਦੁਰਦਸ਼ਾ ਨੂੰ ਲੈ ਕੇ ਵੀ ਕੇਂਦਰ ‘ਤੇ ਹਮਲਾ ਕੀਤਾ ਅਤੇ ਆਖਿਆ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਵਾਅਦਾ ਪੂਰਾ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸੰਨ 1995 ਤੋਂ ਦੇਸ਼ ਵਿਚ 12 ਲੱਖ ਦੇ ਕਰੀਬ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ ਅਤੇ ਸਰਕਾਰਾਂ ਨੇ ਉਨ੍ਹਾਂ ਦੇ ਪ੍ਰਤੀ ਕੋਈ ਸੰਵੇਦਨਾ ਨਹੀਂ ਵਿਖਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਸ਼ਬਦਾਂ ਅਤੇ ਕੰਮਾਂ ਵਿਚਕਾਰ ਬਹੁਤ ਵੱਡੀ ਖਾਈ ਹੈ।