ਸਭ ਤੋਂ ਪਹਿਲਾਂ ਨਸ਼ਿਆਂ ਦਾ ਤੰਦੂਆ ਜਾਲ ਤੋੜਾਂਗਾ : ਕੈਪਟਨ

0
549

amrinder-singh-1-1
ਚੰਡੀਗੜ੍ਹ /ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਕੁੱਲ੍ਹ 117 ਵਿਚੋਂ 77 ਸੀਟਾਂ ਜਿੱਤੀਆਂ ਹਨ। ਇਹ ਜਿੱਤ ਕੈਪਟਨ ਅਮਰਿੰਦਰ ਸਿੰਘ ਲਈ ਜਨਮ ਦਿਨ ਦਾ ਤੋਹਫ਼ਾ ਹੈ। ਇਥੇ ਕੈਪਟਨ ਅਮਰਿੰਦਰ ਸਿੰਘ ਨੇ ਜਿੱਤ ਨੂੰ ਸੂਬੇ ਦੇ ਲੋਕਾਂ ਦੇ ਪਿਆਰ ਦਾ ਨਤੀਜਾ ਦੱਸਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਸੂਬੇ ਵਿੱਚ ਨਸ਼ਿਆਂ ਦਾ ਤੰਦੂਆ ਜਾਲ ਤੋੜਨਗੇ ਅਤੇ ਅਹੁਦਾ ਸੰਭਾਲਣ ਦੇ ਦਿਨ ਤੋਂ ਹੀ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਮੁਹਿੰਮ ਵਿੱਢਣਗੇ। ਉਨ੍ਹਾਂ ਨੇ ਸੂਬੇ ਦੇ ਸਪਸ਼ਟ ਬਹੁਮਤ ਦੇਣ ਲਈ  ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਪਾਰਟੀ ਦੀ ਜ਼ਬਰਦਸਤ ਜਿੱਤ ਵਿਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਸ਼ਾਨਦਾਰ ਜਿੱਤ ਲਈ ਆਈਪੈਕ ਟੀਮ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਰਾਹੁਲ ਗਾਂਧੀ ਨੂੰ ਮਿਲ ਕੇ ਵਜ਼ਾਰਤ ਦੇ ਗਠਨ ਲਈੇ ਆਪਣੀਆਂ ਸਿਫ਼ਾਰਸ਼ਾਂ ਸੌਂਪਣਗੇ। ਡਿਪਟੀ ਮੁੱਖ ਮੰਤਰੀ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਰਾਹੁਲ ਗਾਂਧੀ ਵੱਲੋਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪਹਿਲੀ ਵਜ਼ਾਰਤ ਦੀ ਮੀਟਿੰਗ ‘ਚ 100 ਤੋਂ ਵੱਧ ਅਹਿਮ ਫੈਸਲੇ ਲੈਣਗੇ, ਜਿਨ੍ਹਾਂ ਦਾ ਕੋਈ ਵਿੱਤੀ ਪ੍ਰਭਾਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਿੱਖਿਆ ਤੇ ਸਿਹਤ ਸਮੇਤ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਦਿੱਤੇ ਗਏ 9 ਨੁਕਤਿਆਂ ਪ੍ਰਤੀ ਵਚਨਬੱਧ ਹਨ ਅਤੇ ਬਿਨਾਂ ਦੇਰੀ ਇਨ੍ਹਾਂ ਨੂੰ ਲਾਗੂ ਕਰਨਗੇ। ਕਾਂਗਰਸ ਦੀ ਜਿੱਤ ਤੇ ਆਮ ਆਦਮੀ ਪਾਰਟੀ ਦੀ ਹਾਰ ਬਾਰੇ ਪੁੱਛੇ ਜਾਣ ‘ਤੇ ਕੈਪਟਨ ਕਿਹਾ ਕਿ ਪੰਜਾਬ ਦੇ ਵੋਟਰ ਬਹੁਤ ਸਮਝਦਾਰ ਹਨ ਅਤੇ ਉਨ੍ਹਾਂ ਨੇ ‘ਆਪ’ ਦੇ ਝੂਠ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਡੇਰੇ ਵੱਲੋਂ ਅਕਾਲੀ ਦਲ ਨੂੰ ਹਮਾਇਤ  ਦੇਣ ਬਾਰੇ ਪੁੱਛਣ ‘ਤੇ ਉਨ੍ਹਾਂ  ਕਿਹਾ ਕਿ ਇਸ ਤੋਂ ਬਾਅਦ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਕੰਮ ਕੀਤਾ ਅਤੇ ਸੂਬੇ ਨੂੰ ਸਥਿਰ ਤੇ ਚੰਗਾ ਸ਼ਾਸਨ ਦੇਣ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ।