ਲੁਧਿਆਣਾ ਵਿਚ ਹਿੰਦੂ ਤਖ਼ਤ ਦੇ ਆਗੂ ਅਮਿਤ ਸ਼ਰਮਾ ਦਾ ਕਤਲ

0
344

amit-sharma
ਅੱਤਵਾਦੀ ਹਮਲਾ ਮੰਨ ਰਹੀ ਹੈ ਪੁਲੀਸ
ਲੁਧਿਆਣਾ/ਬਿਊਰੋ ਨਿਊਜ਼ :
ਹਿੰਦੂ ਸੁਰੱਖਿਆ ਸਮਿਤੀ ਤੇ ਹਿੰਦੂ ਤਖ਼ਤ ਦੇ ਆਗੂ ਅਮਿਤ ਸ਼ਰਮਾ ਦੇ ਕਤਲ ਤੋਂ ਬਾਅਦ ਲੁਧਿਆਣਾ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਪੁਲੀਸ ਵੱਲੋਂ ਅਮਿਤ ਸ਼ਰਮਾ ਦੇ ਘਰ ਬਾਹਰ ਪਹਿਰਾ ਲਾ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਅਮਿਤ ‘ਤੇ ਹੋਏ ਹਮਲੇ ਨੂੰ ਅਤਿਵਾਦੀਆਂ ਦਾ ਕਾਰਾ ਮੰਨ ਕੇ ਜਾਂਚ ਕਰ ਰਹੀ ਹੈ। ਪੁਲੀਸ ਨੇ ਜ਼ਿਲ੍ਹੇ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ ਵਿਚ ਬੈਠੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ।
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਪਰਿਵਾਰ ਨੂੰ ਪੰਜ ਲੱਖ ਰੁਪਏ ਦੇਣ ਅਤੇ ਇਕ ਮੈਂਬਰ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਵੀ ਦਿੱਤਾ ਹੈ। ਪੁਲੀਸ ਵੱਲੋਂ ਮੰਦਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਸੁਰੱਖਿਆ ਹੇਠ ਅਮਿਤ ਦਾ ਢੋਲੇਵਾਲ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਬਾਜ਼ਾਰ ਬੰਦ ਰਹੇ। ਉਧਰ ਪਟਿਆਲਾ ਤੋਂ ਹਿੰਦੂ ਸੁਰੱਖਿਆ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਪ੍ਰਚਾਨੰਦ ਗਿਰੀ, ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਹੋਰ ਕਈ ਸਮਾਜਿਕ ਤੇ ਰਾਜਸੀ ਆਗੂ ਅਮਿਤ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪੁੱਜੇ। ਸ੍ਰੀ ਟੰਡਨ ਨੇ ਪੁਲੀਸ ਨੂੰ 72 ਘੰਟੇ ਅੰਦਰ ਕਾਤਲਾਂ ਨੂੰ ਕਾਬੂ ਕਰਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਿੰਦੂ ਆਗੂਆਂ ਦੇ ਕਤਲਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।
ਜ਼ਿਕਰਯੋਗ ਹੈ ਕਿ ਜਗਰਾਉਂ ਪੁਲ ਸਥਿਤ ਦੁਰਗਾ ਮਾਤਾ ਮੰਦਰ ਕੋਲ ਸ਼ਨਿੱਚਰਵਾਰ ਦੇਰ ਰਾਤ ਨੂੰ ਗੋਲੀਆਂ ਮਾਰ ਕੇ ਅਮਿਤ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਸੀ। ਹਿੰਦੂ ਆਗੂਆਂ ਦਾ ਕਹਿਣਾ ਹੈ ਕਿ ਅਮਿਤ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਪੁਲੀਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਸਿਵਲ ਹਸਪਤਾਲ ਵਿਚ ਐਤਵਾਰ ਨੂੰ ਅਮਿਤ ਸ਼ਰਮਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਉਸ ਦੇ ਗਲੇ, ਢਿੱਡ ਅਤੇ ਪੱਟ ‘ਤੇ ਗੋਲੀਆਂ ਲੱਗੀਆਂ ਸਨ। ਡਾਕਟਰਾਂ ਅਨੁਸਾਰ ਗਲੇ ਵਿਚ ਲੱਗੀ ਗੋਲੀ ਕਾਰਨ ਉਸ ਦੀ ਜਾਨ ਗਈ।